ਚਾਈਨਾ ਡੋਰ ਬਣ ਰਹੀ ਜਾਨਾਂ ਦੀ ਦੁਸ਼ਮਣ : ਭੁੱਲਰ
ਚਾਈਨਾ ਡੋਰ ਬਣ ਰਹੀ ਜਾਨਾਂ ਦੀ ਦੁਸ਼ਮਣ: ਹਰਿੰਦਰ ਸਿੰਘ ਭੁੱਲਰ
Publish Date: Thu, 29 Jan 2026 05:31 PM (IST)
Updated Date: Thu, 29 Jan 2026 05:34 PM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਸੇਵਾਮੁਕਤ ਮੁੱਖ ਅਧਿਆਪਕ ਤੇ ਪ੍ਰਸਿੱਧ ਵਾਲੀਬਾਲ ਖਿਡਾਰੀ ਹਰਿੰਦਰ ਸਿੰਘ ਭੁੱਲਰ ਨੇ ਚਾਈਨਾ ਡੋਰ ਦੀ ਵਧ ਰਹੀ ਵਰਤੋਂ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਹ ਡੋਰ ਸਮਾਜ ਲਈ ਇਕ ਵੱਡੀ ਸਮੱਸਿਆ ਅਤੇ ਜਾਨਲੇਵਾ ਖ਼ਤਰਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਕਾਰਨ ਹਰ ਸਾਲ ਕਈ ਦਰਦਨਾਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿਚ ਬੱਚੇ, ਨੌਜਵਾਨ, ਦੋ ਪਹੀਆ ਵਾਹਨ ਚਾਲਕ ਅਤੇ ਰਾਹਗੀਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਂਦੇ ਹਨ। ਭੁੱਲਰ ਨੇ ਕਿਹਾ ਕਿ ਚਾਈਨਾ ਡੋਰ ਬਹੁਤ ਤੇਜ਼ ਅਤੇ ਨੁਕੀਲੀ ਹੁੰਦੀ ਹੈ, ਜੋ ਮਨੁੱਖੀ ਸਰੀਰ ਨੂੰ ਛੁਰੀ ਵਾਂਗ ਕੱਟ ਸਕਦੀ ਹੈ। ਕਈ ਮਾਮਲਿਆਂ ਵਿਚ ਗਲਾਂ ਕੱਟਣ, ਹੱਥਾਂ ਦੀਆਂ ਨਸਾਂ ਟੁੱਟਣ ਅਤੇ ਅੱਖਾਂ ਨੂੰ ਭਾਰੀ ਨੁਕਸਾਨ ਪਹੁੰਚਣ ਵਰਗੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਡੋਰ ਪੰਛੀਆਂ ਅਤੇ ਬੇਜ਼ਬਾਨ ਜਾਨਵਰਾਂ ਲਈ ਵੀ ਮੌਤ ਦਾ ਸੱਦਾ ਬਣ ਰਹੀ ਹੈ, ਜੋ ਸਾਡੇ ਵਾਤਾਵਰਣੀ ਸੰਤੁਲਨ ਲਈ ਬਹੁਤ ਨੁਕਸਾਨਦੇਹ ਹੈ। ਭੁੱਲਰ ਨੇ ਕਿਹਾ ਕਿ ਕਾਨੂੰਨ ਵੱਲੋਂ ਚਾਈਨਾ ਡੋਰ ’ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਕੁਝ ਲਾਲਚੀ ਵਪਾਰੀ ਅਤੇ ਗਾਹਕ ਇਸਦੀ ਗੁਪਤ ਤੌਰ ’ਤੇ ਖਰੀਦ-ਫਰੋਖ਼ਤ ਕਰ ਰਹੇ ਹਨ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਪ੍ਰਬੰਧਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੀਆਂ ਦੁਕਾਨਾਂ ਨੂੰ ਸੀਲ ਕੀਤਾ ਜਾਵੇ। ਉਨ੍ਹਾਂ ਮਾਪਿਆਂ ਨੂੰ ਖ਼ਾਸ ਤੌਰ ’ਤੇ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਰੋਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਸੂਤੀ ਧਾਗੇ ਨਾਲ ਪਤੰਗ ਉਡਾਉਣ ਦੀ ਸਿਖਲਾਈ ਦੇਣ। ਉਨ੍ਹਾਂ ਸਮਾਜਿਕ, ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ, ਤਾਂ ਜੋ ਹਰ ਵਰਗ ਦਾ ਵਿਅਕਤੀ ਚਾਈਨਾ ਡੋਰ ਦੇ ਨੁਕਸਾਨਾਂ ਬਾਰੇ ਜਾਣੂ ਹੋ ਸਕੇ। ਭੁੱਲਰ ਨੇ ਕਿਹਾ ਕਿ ਖੁਸ਼ੀਆਂ ਮਨਾਉਣ ਲਈ ਕਿਸੇ ਦੀ ਜਾਨ ਖ਼ਤਰੇ ਵਿਚ ਪਾਉਣਾ ਮਨੁੱਖਤਾ ਦੇ ਖ਼ਿਲਾਫ਼ ਹੈ। ਇਸ ਮੌਕੇ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸੁਰੱਖਿਅਤ ਤਿਉਹਾਰ, ਸ਼ੌਕ ਅਤੇ ਸੁਰੱਖਿਅਤ ਸਮਾਜ ਹੀ ਸਾਡੀ ਅਸਲੀ ਕਾਮਯਾਬੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕੀਤਾ ਜਾਵੇ ਅਤੇ ਹੋਰਨਾਂ ਨੂੰ ਵੀ ਇਸ ਬੁਰਾਈ ਖ਼ਿਲਾਫ਼ ਜਾਗਰੂਕ ਕੀਤਾ ਜਾਵੇ।