ਜ਼ਿਲ੍ਹੇ ’ਚ 189 ਖੇਡ ਮੈਦਾਨ ਬਣਨਗੇ : ਭੱਲਾ
ਬਠਿੰਡਾ ਜ਼ਿਲ੍ਹੇ 'ਚ 189 ਖੇਡ ਮੈਦਾਨ ਬਣਨਗੇ: ਭੱਲਾ
Publish Date: Thu, 29 Jan 2026 04:59 PM (IST)
Updated Date: Thu, 29 Jan 2026 05:01 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹਾ ਵਿਚ 189 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਖੇਡਣ ਲਈ ਵਧੀਆ ਸਹੂਲਤਾਂ ਮਿਲਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਪਿੰਡ ਮਲੂਕਾ ਵਿਖੇ ਯੁਵਕ ਭਲਾਈ ਕਲੱਬ ਵੱਲੋਂ ਐੱਨਆਰਆਈ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਖੇਡ ਮੇਲੇ ਵਿਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਚੇਅਰਮੈਨ ਭੱਲਾ ਨੇ ਕਿਹਾ ਕਿ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਵਿੱਤੀ ਸਹਾਇਤਾ, ਕੋਚਿੰਗ ਅਤੇ ਆਧੁਨਿਕ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੇਲੇ ਪਿੰਡਾਂ ਵਿਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੇ ਹਨ। ਇਸ ਮੌਕੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਯੁਵਕ ਭਲਾਈ ਕਲੱਬ ਵੱਲੋਂ ਐੱਨਆਰਆਈ ਮੰਚ ਦੇ ਆਗੂ ਸੁਖਜਿੰਦਰ ਸਿੰਘ ਬਬਲਾ ਮਲੂਕਾ ਨੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਸਨਮਾਨ ਕੀਤਾ। ਇਸ ਮੌਕੇ ਲੋਕ ਗਾਇਕ ਹਰਪ੍ਰੀਤ ਢਿੱਲੋਂ, ਲੱਖਾ ਢਿੱਲੋਂ, ਗੋਲਡੀ ਮਲੂਕਾ, ਲਖਵੀਰ ਭਰੀ, ਇਕਬਾਲ ਢਿੱਲੋਂ, ਬੂਟਾ ਢਿੱਲੋਂ, ਮੱਖਣ ਸਿੰਘ, ਜੱਗੀ ਆਸਟ੍ਰੇਲੀਆ, ਭੋਲਾ ਆਸਟ੍ਰੇਲੀਆ, ਕੁਲਵਿੰਦਰ ਗੁੰਮਟੀ, ਅਸਰਫ ਅਲੀ ਆਦਿ ਹਾਜ਼ਰ ਸਨ।