ਮਿਸ਼ਨ ਸਮਰੱਥ 4.0 ਤਹਿਤ ਅਧਿਆਪਕਾਂ ਨੂੰ ਦਿੱਤੀ ਬਲਾਕ ਪੱਧਰੀ ਟ੍ਰੇਨਿੰਗ
ਮਿਸ਼ਨ ਸਮਰੱਥ 4.0 ਦੇ ਤਹਿਤ ਬਲਾਕ ਪੱਧਰੀ ਅਧਿਆਪਕ ਟ੍ਰੇਨਿੰਗ ਕਰਵਾਈ
Publish Date: Wed, 28 Jan 2026 07:25 PM (IST)
Updated Date: Thu, 29 Jan 2026 04:10 AM (IST)
-ਵਿਦਿਆਰਥੀਆਂ ਦੇ ਸਿੱਖਣ ਕੌਸ਼ਲ ਨੂੰ ਵਿਕਸਤ ਕਰਨ ਲਈ ਉਪਰਾਲਾ : ਚਮਕੌਰ ਸਿੰਘ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਿੱਖਿਆ ਵਿਭਾਗ, ਪੰਜਾਬ ਅਤੇ ਡਾਇਰੈਕਟਰ ਐੱਸਸੀਆਰਟੀ ਪੰਜਾਬ ਕਿਰਨ ਸ਼ਰਮਾ ਪੀਸੀਐਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਸਸਸਸ ਕੰਨਿਆ ਮਾਲ ਰੋਡ ਬਠਿੰਡਾ ਵਿਖੇ ਮਿਸ਼ਨ ਸਮਰੱਥ 4.0 ਦੇ ਤਹਿਤ ਬਲਾਕ ਪੱਧਰੀ ਅਧਿਆਪਕ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਮਤਾ ਖੁਰਣਾ ਸੇਠੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ, ਪ੍ਰਿੰਸੀਪਲ ਡਾਇਟ ਸਤਵਿੰਦਰਪਾਲ ਕੌਰ ਸਿੱਧੂ ਤੇ ਡੀਆਰਸੀ ਬਾਲਕ੍ਰਿਸ਼ਨ ਅਗਰਵਾਲ ਦੀ ਅਗਵਾਈ ਹੇਠ ਕਰਵਾਈ। ਟ੍ਰੇਨਿੰਗ ਦਾ ਮੁੱਖ ਉਦੇਸ਼ ਬੱਚਿਆਂ ਦੇ ਸਿੱਖਣ ਪੱਧਰ ਅਨੁਸਾਰ ਉਨ੍ਹਾਂ ਦੇ ਚਿੰਤਨ ਨੂੰ ਵਿਕਸਿਤ ਕਰਕੇ ਉਨ੍ਹਾਂ ਅੰਦਰ ਕੌਸ਼ਲ ਦਾ ਵਿਕਾਸ ਕਰਨਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਲਾਕ ਬਠਿੰਡਾ ਦੇ 39 ਸਕੂਲਾਂ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਇਸ ਟ੍ਰੇਨਿੰਗ ’ਚ ਹਿੱਸਾ ਲਿਆ ਤੇ ਉਤਸ਼ਾਹ ਨਾਲ ਵਿਚਾਰ-ਵਟਾਂਦਰੇ ਕੀਤੇ। ਟ੍ਰੇਨਿੰਗ ਦਾ ਕੇਂਦਰੀ ਧਿਆਨ ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸਾਂ ਦੇ ਬੱਚਿਆਂ ਨੂੰ ਤਿੰਨ ਪੱਧਰਾਂ-ਲੈਵਲ-1, ਲੈਵਲ-2 ਅਤੇ ਲੈਵਲ-3 ਵਿਚ ਵੰਡ ਕੇ ਉਨ੍ਹਾਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ’ਤੇ ਹੈ। ਮਿਸ਼ਨ ਸਮਰੱਥ 4.0 ਦੇ ਤਹਿਤ ਇਸ ਸਮੇਂ ਤਿੰਨ ਮੁੱਖ ਵਿਸ਼ਿਆਂ ਪੰਜਾਬੀ, ਅੰਗਰੇਜ਼ੀ ਤੇ ਗਣਿਤ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਿਸ਼ਨ ਸਮਰੱਥ 1.0, 2.0 ਅਤੇ 3.0 ਵੀ ਸਫਲਤਾਪੂਰਵਕ ਪੂਰੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੇ ਨਤੀਜੇ ਬਹੁਤ ਹੀ ਪ੍ਰੇਰਣਾਦਾਇਕ ਰਹੇ ਹਨ। ਮਿਸ਼ਨ ਸਮਰੱਥ 4.0 ਨੂੰ ਅਗਲੇ ਅਕਾਦਮਿਕ ਸਾਲ ਅਪ੍ਰੈਲ 2026 ਤੋਂ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਅਪ੍ਰੈਲ ਤੇ ਮਈ ਮਹੀਨਿਆਂ ਵਿਚ ਸਪੈਸ਼ਲ ਤਿਆਰ ਕੀਤਾ ਗਿਆ ਸਿਲੇਬਸ ਪੜ੍ਹਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਘੱਟੋ-ਘੱਟ ਸਿੱਖਣ ਦੇ ਟੀਚਿਆਂ ਵਿੱਚ ਪਰਪੱਕਤਾ ਹਾਸਲ ਕਰ ਸਕਣ। ਇਹ ਟ੍ਰੇਨਿੰਗ ਵਿਦਿਆਰਥੀਆਂ ਦੇ ਕੌਸ਼ਲ, ਸਿੱਖਣ ਦੀ ਯੋਗਤਾ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਹੈ। ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਤੇ ਤਕਨੀਕ ਦੀ ਦੁਨੀਆ ਵਿਚ ਅੱਗੇ ਵਧਣ ਲਈ ਮਜ਼ਬੂਤ ਬੁਨਿਆਦ ਪ੍ਰਦਾਨ ਕਰਨਗੇ। ਮਿਸ਼ਨ ਸਮਰੱਥ 4.0 ਸਿਰਫ਼ ਇਕ ਸਮਾਗਮ ਨਹੀਂ, ਸਗੋਂ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲਾ ਇਕ ਯਤਨ ਹੈ।