ਨਗਰ ਕੌਂਸਲ ’ਚ 77ਵਾਂ ਗਣਤੰਤਰ ਦਿਵਸ ਮਨਾਇਆ
ਨਗਰ ਕੌਂਸਲ ਵਿਚ 77ਵਾਂ ਗਣਤੰਤਰ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
Publish Date: Wed, 28 Jan 2026 06:20 PM (IST)
Updated Date: Thu, 29 Jan 2026 04:05 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ
ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਪਾਵਨ ਮੌਕੇ ’ਤੇ ਨਗਰ ਕੌਂਸਲ ਰਾਮਾਂ ਮੰਡੀ ਵੱਲੋਂ ਗਣਤੰਤਰ ਦਿਵਸ ਸਮਾਰੋਹ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਗਰ ਕੌਂਸਲ ਦੀ ਪ੍ਰਧਾਨ ਕਰਮਜੀਤ ਕੌਰ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਆਗੂਲਵੇਲ ਸਿੰਘ ਸਿੱਧੂ ਵੱਲੋਂ ਦਫ਼ਤਰ ਦੇ ਗਰਾਊਂਡ ਵਿਚ ਝੰਡਾ ਲਹਿਰਾ ਕੇ ਕੀਤੀ। ਇਸ ਸਮਾਰੋਹ ਦੌਰਾਨ ਦੇਸ਼ ਭਗਤੀ ਦਾ ਅਨੋਖਾ ਮਾਹੌਲ ਦੇਖਣ ਨੂੰ ਮਿਲਿਆ। ਤਿਰੰਗਾ ਝੰਡਾ ਪੂਰੇ ਸਨਮਾਨ ਨਾਲ ਲਹਿਰਾਇਆ ਗਿਆ, ਜਿਸ ਉਪਰੰਤ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵੱਲੋਂ ਤਿਰੰਗਾ ਲਹਿਰਾਉਣ ਉਪਰੰਤ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਕਰਮਜੀਤ ਕੌਰ ਸਿੱਧੂ ਨੇ ਕਿਹਾ ਕਿ 26 ਜਨਵਰੀ ਦਾ ਦਿਨ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਅਤੇ ਸੰਵਿਧਾਨ ਦੀ ਮਹਾਨਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਨਗਰ ਕੌਂਸਲ ਦੇ ਚੇਅਰਮੈਨ, ਕਾਰਜਕਾਰੀ ਅਧਿਕਾਰੀ, ਕੌਂਸਲਰ ਸਾਹਿਬਾਨ, ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਸਮਾਰੋਹ ਨੂੰ ਹੋਰ ਰੰਗੀਨ ਬਣਾਉਂਦਿਆਂ ਕੰਨਿਆ ਹਾਈ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਗੀਤ, ਕਵਿਤਾਵਾਂ, ਨਾਚ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਕਰਮਜੀਤ ਕੌਰ ਸਿੱਧੂ ਚੇਅਰਮੈਨ ਨਗਰ ਕੌਂਸਲ ਵੱਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਆਪਣੇ ਅਧਿਕਾਰਾਂ ਨਾਲ ਨਾਲ ਫ਼ਰਜ਼ਾਂ ਦੀ ਵੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਨਗਰ ਦੇ ਵਿਕਾਸ ਕਾਰਜਾਂ, ਸਾਫ਼-ਸਫ਼ਾਈ, ਸਿੱਖਿਆ ਤੇ ਨਾਗਰਿਕ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਕੌਂਸਲ ਦੀ ਵਚਨਬੱਧਤਾ ਨੂੰ ਦੁਹਰਾਇਆ। ਸਮਾਰੋਹ ਦੌਰਾਨ ਸ਼ਹਿਰ ਦੇ ਪਤਵੰਤੇ ਨਾਗਰਿਕਾਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਨੌਜਵਾਨਾਂ ਦੀ ਭਰਪੂਰ ਹਾਜ਼ਰੀ ਰਹੀ। ਹਰ ਪਾਸੇ ਤਿਰੰਗੇ ਝੰਡਿਆਂ ਅਤੇ ਦੇਸ਼ਭਗਤੀ ਨਾਅਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਦੇਸ਼ ਪ੍ਰੇਮ ਵਿੱਚ ਰੰਗਿਆ ਹੋਇਆ ਦਿੱਖਿਆ। ਅਖੀਰ ਵਿੱਚ ਸਾਰਿਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ ਗਿਆ। ਸਮਾਰੋਹ ਦਾ ਸਮਾਪਨ ਮਿਠਾਈ ਵੰਡ ਕੇ ਅਤੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ।