ਗੁਰੂ ਕਾਸ਼ੀ ’ਵਰਸਿਟੀ ’ਚ ਵੰਡੀਆਂ 543 ਡਿਗਰੀਆਂ
ਗੁਰੂ ਕਾਸ਼ੀ ਯੂਨੀਵਰਸਿਟੀ ਦੇ 5ਵੇਂ ਕਨਵੋਕੇਸ਼ਨ ਸਮਾਰੋਹ ਵਿਚ 543 ਡਿਗਰੀਆਂ ਵੰਡੀਆਂ ਗਈਆਂ
Publish Date: Wed, 28 Jan 2026 06:18 PM (IST)
Updated Date: Thu, 29 Jan 2026 04:05 AM (IST)

-ਪੀਐੱਚਡੀ ਦੀਆਂ (66), ਪੀਜੀ. ਡਿਪਲੋਮਾ ਦੀਆਂ (10), ਮਾਸਟਰ ਦੀਆਂ 142 ਤੇ ਬੈਚਲਰ ਦੀਆਂ 325 ਡਿਗਰੀਆਂ ਵੰਡੀਆਂ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਦਾ 5ਵਾਂ ਕਨਵੋਕੇਸ਼ਨ ਸਮਾਰੋਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਇਸ ਮੌਕੇ ਜੀ ਪਰਾਦੀਪ ਸਪੁਤਾਂਥਰੀ •ਸ਼੍ਰੀ ਲੰਕਾ ਪ੍ਰਧਾਨ ਮੰਤਰੀ ਦੇ ਸਕੱਤਰ ਅਤੇ ਅਟਾਰਨੀ-ਐਟ-ਲਾਅ ਸ਼੍ਰੀ ਲੰਕਾ ਸੁਪਰੀਮ ਕੋਰਟ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਦਕਿ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸਮਾਗਮ ’ਚ ਪ੍ਰੋ.(ਡਾ.) ਕੇ. ਸ਼ਿਵਚਿਥੱਪਾ ਵਾਈਸ ਚਾਂਸਲਰ ਮਾਂਡਿਆ ਯੂਨੀਵਰਸਿਟੀ, (ਡਾ.) ਰਾਘਵੇਂਦਰ ਪ੍ਰਸਾਦ ਤਿਵਾਰੀ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਜੀਕੇਯੂ. ਪ੍ਰਬੰਧਕੀ ਕਮੇਟੀ ਦੇ ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਡੀਨ ਤੇ ਫੈਕਲਟੀ ਮੈਂਬਰ ਹਾਜ਼ਰ ਹੋਏ। ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਰਜਿਸਟਰਾਰ ਨੇ ਕਨਵੋਕੇਸ਼ਨ ਪ੍ਰੋਸੈਸ਼ਨ ਨੂੰ ਲੀਡ ਕਰਨ ਉਪਰੰਤ ਸਮਾਗਮ ਦਾ ਸੰਚਾਲਨ ਕਰਦਿਆਂ ਆਨਰੇਰੀ ਡਿਗਰੀ ਹਾਸਲ ਕਰਨ ਵਾਲੇ ਸ਼ਖ਼ਸੀਆਤ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੜ੍ਹਿਆ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਮੁੱਖ ਮਹਿਮਾਨ ਸਪੁਤਾਂਥਰੀ ਨੇ ਪਾਸ ਆਉਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਮੀਲ ਪੱਥਰ ਹੁੰਦਾ ਹੈ। ਸ਼੍ਰੀ ਲੰਕਾ ਤੇ ਜੀਕੇਯੂ ਵਿਚਾਲੇ ਉਚੇਰੀ ਅਕਾਦਮਿਕ ਸਿੱਖਿਆ ਦੇ ਨਵੇਂ ਤੇ ਲੁੜੀਂਦੇ ਸਾਂਝੇ ਪ੍ਰੋਗਰਾਮ ਚਲਾਉਣ ਲਈ ਹੋਇਆ ਅਹਿਦਨਾਮਾ ਪੁਲ਼ ਦਾ ਕੰਮ ਕਰੇਗਾ। ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਅੰਤਰ-ਰਾਸ਼ਟਰੀ ਪੱਧਰ ’ਤੇ ਵਿੱਦਿਅਕ ਅਦਾਰਿਆਂ ਨੂੰ ਲੁੜੀਂਦੇ ਹਾਣ ਦੀਆਂ ਨੀਤੀਆਂ ਘੜਨ ਦੀ ਲੋੜ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਚਾਂਸਲਰ ਸਿੱਧੂ ਨੇ ਡਿਗਰੀ ਅਤੇ ਮੈਡਲ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਪਛਾਣ ਬਣਾਉਣ ਲਈ ਸਭਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਸ ਆਉਟ ਵਿਦਿਆਰਥੀ ਵਿੱਦਿਆ ਦੇ ਖੇਤਰ ’ਚ ਨਵੀਆਂ ਪਹਿਲਕਦਮੀਆਂ ਕਰਨਗੇ। ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਆਪਣੀ ਰਿਪੋਰਟ ’ਚ ਜੀਕੇਯੂ. ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਵਰਸਿਟੀ ਨੇ ਉੱਚੇਰੀ ਸਿੱਖਿਆ ਦੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਨੈਕ ਗ੍ਰੇਡ ਏ ਹਾਸਲ ਕੀਤਾ ਹੈ। ਉਨ੍ਹਾਂ ਜੀਕੇਯੂ ਤੇ ਆਕਸਫੋਰਡ ਚੈਸਟਰ ਯੂਨੀਵਰਸਿਟੀ (ਸ਼੍ਰੀ ਲੰਕਾ) ਵਿਚਕਾਰ ਹੋਏ ਦੁਵੱਲੇ ਸਮਝੌਤੇ ਨੂੰ ਇੱਕ ਇਤਿਹਾਸਕ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਸ਼੍ਰੀ ਲੰਕਾ ਅਤੇ ਭਾਰਤ ਦੇ ਅਕਾਦਮਿਕ, ਖੋਜ, ਸੱਭਿਆਚਾਰਕ ਤੇ ਦੋਸਤੀ ਦੇ ਨਵੇਂ ਰਸਤੇ ਖੁਲ੍ਹਣਗੇ। ਉਨ੍ਹਾਂ ’ਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਸਿੱਖਿਆ ਨੂੰ ਵਿਦਿਆਰਥੀਆਂ ਲਈ ਸੁਨਿਹਰੀ ਮੌਕਾ ਦੱਸਿਆ। ਉਨ੍ਹਾਂ ਵਿਸ਼ੇਸ਼ ਤੌਰ ਤੇ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਵੱਖ-ਵੱਖ ਯੂਨੀਵਰਸਿਟੀਆਂ ਨਾਲ ਕੀਤੇ ਗਏ ਦੁਵੱਲੇ ਸਮਝੌਤੇ, ’ਵਰਸਿਟੀ ਰਿਸਰਚ, ਜੀਕੇਯੂ ਨਿਉਜ਼ ਲੈਟਰ, ਲਾਇਬ੍ਰੇਰੀ ਅਤੇ ਫਾਈਨ ਆਰਟ ਗੈਲਰੀ ਦਾ ਵੇਰਵਾ ਦਿੰਦਿਆਂ ਕਿਹਾ ਕਿ ਵਰਸਿਟੀ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਮੌਕੇ ਡਾ. ਦੁਲੱਨ ਹਿਤਿਆਰਚੀ (ਸ੍ਰੀਲੰਕਾ) ਨੂੰ ਅੰਤਰਰਾਸ਼ਟਰੀ ਕੂਟਨੀਤੀ, ਜਦਕਿ ਗੌਰਵ ਮਲਹੋਤਰਾ (ਆਸਟ੍ਰੇਲੀਆ) ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਕਰਕੇ ਡੀ.ਲਿੱਟ ਦੀ ਮਾਣਕ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਡਾ. ਏਪੀਜੇ. ਅਬਦੁੱਲ ਕਲਾਮ (12), ਚਾਂਸਲਰ (1) ਅਤੇ ਵਾਈਸ ਚਾਂਸਲਰ (1) ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕਨਵੋਕੇਸ਼ਨ ਵਿਚ 543 ਡਿਗਰੀਆਂ ਦੀ ਵੰਡ ਕੀਤੀ ਗਈ, ਜਿਨ੍ਹਾਂ ਵਿਚ ਪੀਐੱਚਡੀ ਦੀਆਂ (66), ਪੀਜੀ. ਡਿਪਲੋਮਾ ਦੀਆਂ (10) ਮਾਸਟਰ ਦੀਆਂ (142) ਅਤੇ ਬੈਚਲਰ ਦੀਆਂ (325) ਡਿਗਰੀਆਂ ਵੰਡੀਆਂ।