ਚਾਈਨਾ ਡੋਰ ਨਾਲ ਹੋਈਆਂ ਮੌਤਾਂ ਉਪਰੰਤ ਪੰਚਾਇਤ ਨੇ ਪਤੰਗਬਾਜ਼ੀ ’ਤੇ ਲਾਈ ਪਾਬੰਦੀ
ਚਾਈਨਾ ਡੋਰ ਕਾਰਨ ਵਧ ਰਹੀਆਂ ਮੌਤਾਂ ਤੋਂ ਬਾਅਦ ਪਿੰਡ ਪੱਧਰ ‘ਤੇ ਸਖ਼ਤੀ, ਭੈਣੀ ਚੂਹੜ ਪੰਚਾਇਤ ਨੇ ਪਤੰਗਬਾਜ਼ੀ ’ਤੇ ਲਗਾਈ ਪੂਰਨ ਪਾਬੰਦੀ
Publish Date: Wed, 28 Jan 2026 05:11 PM (IST)
Updated Date: Thu, 29 Jan 2026 04:04 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਚਾਈਨਾ ਡੋਰ ਦੀ ਵਰਤੋਂ ਨਾਲ ਪੰਜਾਬ ’ਚ ਵਾਪਰ ਰਹੀਆਂ ਲਗਾਤਾਰ ਦਰਦਨਾਕ ਘਟਨਾਵਾਂ ਤੋਂ ਬਾਅਦ ਹੁਣ ਪਿੰਡ ਪੱਧਰ ’ਤੇ ਵੀ ਲੋਕ ਸੁਰੱਖਿਆ ਲਈ ਸਖ਼ਤ ਫੈਸਲੇ ਕੀਤੇ ਜਾਣ ਲੱਗ ਪਏ ਹਨ। ਮਾਲਵਾ ਖੇਤਰ ਖਾਸ ਕਰਕੇ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਤੰਗਬਾਜ਼ੀ ਤੇ ਚਾਈਨਾ ਡੋਰ ਦੀ ਵਰਤੋਂ ’ਤੇ ਰੋਕ ਲਾਉਣ ਦੀ ਕਵਾਇਦ ਸ਼ੁਰੂ ਕੀਤੀ ਹੈ। ਇਸੇ ਕੜੀ ਤਹਿਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਵੀ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਅਹਿਮ ਫ਼ੈਸਲਾ ਲਿਆ ਹੈ। ਪਿੰਡ ਭੈਣੀ ਚੂਹੜ ਦੇ ਸਰਪੰਚ ਮਿੱਠੂ ਸਿੰਘ ਦੀ ਅਗਵਾਈ ਹੇਠ ਹੋਈ ਪੰਚਾਇਤੀ ਮੀਟਿੰਗ ਦੌਰਾਨ ਸਮੂਹ ਪੰਚਾਇਤ ਮੈਂਬਰਾਂ ਨੇ ਸਹਿਮਤੀ ਨਾਲ ਇਕ ਮਤਾ ਪਾਸ ਕਰਦਿਆਂ ਪਿੰਡ ਦੀ ਹੱਦ ਅੰਦਰ ਹਰ ਕਿਸਮ ਦੀ ਪਤੰਗਬਾਜ਼ੀ ਤੇ ਖ਼ਾਸ ਕਰਕੇ ਚਾਈਨਾ ਡੋਰ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਾਉਣ ਦਾ ਐਲਾਨ ਕੀਤਾ। ਪੰਚਾਇਤ ਨੇ ਸਪੱਸ਼ਟ ਕੀਤਾ ਕਿ ਚਾਈਨਾ ਡੋਰ ਸਿਰਫ਼ ਗੈਰਕਾਨੂੰਨੀ ਹੀ ਨਹੀਂ, ਸਗੋਂ ਇਹ ਮਨੁੱਖੀ ਜਾਨਾਂ, ਪਸ਼ੂਆਂ ਤੇ ਪੰਛੀਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਪੰਚਾਇਤ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਜੇ ਕੋਈ ਵੀ ਵਿਅਕਤੀ ਪਿੰਡ ਦੀ ਹੱਦ ਅੰਦਰ ਪਤੰਗ ਉਡਾਉਂਦਾ ਜਾਂ ਚਾਈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ ਮੌਜੂਦਾ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਤੇ ਲੋੜ ਪੈਣ ’ਤੇ ਪੁਲਿਸ ਦੀ ਮਦਦ ਵੀ ਲਈ ਜਾਵੇਗੀ। ਸਰਪੰਚ ਮਿੱਠੂ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਚਾਈਨਾ ਡੋਰ ਕਾਰਨ ਕਈ ਨੌਜਵਾਨਾਂ ਤੇ ਬੇਗੁਨਾਹਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜਿਸ ਨਾਲ ਪੂਰੇ ਸਮਾਜ ਵਿੱਚ ਡਰ ਅਤੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਦਾ ਮੁੱਖ ਉਦੇਸ਼ ਕਿਸੇ ’ਤੇ ਜੁਰਮਾਨਾ ਲਾਉਣਾ ਨਹੀਂ, ਸਗੋਂ ਲੋਕਾਂ ਦੀ ਜਾਨ ਬਚਾਉਣਾ ਤੇ ਪਿੰਡ ’ਚ ਸੁਰੱਖਿਅਤ ਵਾਤਾਵਰਣ ਕਾਇਮ ਰੱਖਣਾ ਹੈ। ਪੰਚਾਇਤ ਨੇ ਪਿੰਡ ਦੇ ਨੌਜਵਾਨਾਂ ਅਤੇ ਮਾਪਿਆਂ ਨੂੰ ਖ਼ਾਸ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪਤੰਗਬਾਜ਼ੀ ਤੋਂ ਰੋਕਣ ਤੇ ਚਾਈਨਾ ਡੋਰ ਵਰਗੀ ਜਾਨਲੇਵਾ ਸਮੱਗਰੀ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ। ਪੰਚਾਇਤ ਨੇ ਕਿਹਾ ਕਿ ਜੇ ਸਾਰੇ ਪਿੰਡ ਵਾਸੀ ਸਹਿਯੋਗ ਕਰਨ ਤਾਂ ਅਜਿਹੇ ਦੁਖਦਾਈ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਜ਼ਿਲ੍ਹੇ ਅੰਦਰ ਹੁਣ ਤਕ ਚਾਇਨਾ ਡੋਰ ਦੀ ਲਪੇਟ ਵਿਚ ਆ ਕੇ ਛੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਸੂਬੇ ਅੰਦਰ 15 ਸਾਲਾਂ ਇਕਲੌਤੇ ਬੱਚੇ ਤੇ ਔਰਤ ਦੀ ਮੌਤ ਨੇ ਲੋਕਾਂ ਨੂੰ ਝੰਜੋੜਿਆ ਹੈ। ਭਵਿੱਖ ’ਚ ਹੋਰ ਪੰਚਾਇਤਾਂ ਵੀ ਅਜਿਹੇ ਫੈਸਲੇ ਲੈ ਸਕਦੀਆਂ ਹਨ।