ਵਿਧਾਇਕ ’ਤੇ ਦੋਸ਼ ਲਾਉਣ ਵਾਲੇ ਨਗਰ ਕੌਂਸਲ ਪ੍ਰਧਾਨ ਨੂੰ ਨੋਟਿਸ
ਵਿਧਾਇਕ 'ਤੇ ਦੋਸ਼ ਲਗਾਉਣ ਵਾਲੇ ਨਗਰ ਕੌਂਸਲ ਪ੍ਰਧਾਨ ਨੂੰ ਭੇਜਿਆ ਨੋਟਿਸ
Publish Date: Wed, 28 Jan 2026 05:06 PM (IST)
Updated Date: Thu, 29 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੌੜ ਹਲਕੇ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਗੰਭੀਰ ਦੋਸ਼ ਲਾਉਣ ਵਾਲੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਲਈ ਹੁਣ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਨੇ ਵਕੀਲ ਰਮਨਦੀਪ ਸ਼ਰਮਾ ਵੱਲੋਂ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਵਿਚ ਮੰਗ ਕੀਤੀ ਗਈ ਹੈ ਕਿ ਪ੍ਰਧਾਨ 15 ਦਿਨਾਂ ਦੇ ਅੰਦਰ ਆਪਣੇ ਕਥਿਤ ਝੂਠੇ ਦੋਸ਼ਾਂ ਲਈ ਮੁਆਫੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਰਿਪੋਰਟਾਂ ਅਨੁਸਾਰ 26 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵਿਧਾਇਕ ਸੁਖਵੀਰ ਮਾਈਸਰਖਾਨਾ ਝੰਡਾ ਲਹਿਰਾਉਣ ਸਮਾਰੋਹ ਵਿਚ ਸ਼ਾਮਲ ਹੋਏ, ਜਿੱਥੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਇਕ ਹੋਰ ਵਿਅਕਤੀ ਪ੍ਰਧਾਨ ਲਈ ਰਾਖਵੀਂ ਕੁਰਸੀ ਤੇ ਬੈਠ ਗਿਆ। ਕਰਨੈਲ ਸਿੰਘ ਨੇ ਜਨਤਕ ਤੌਰ ਤੇ ਵਿਧਾਇਕ ਤੇ ਨਗਰ ਕੌਂਸਲ ਦੀ ਪ੍ਰਧਾਨਗੀ ਦੇਣ ਲਈ ਰਿਸ਼ਵਤ ਦੇ ਦੋਸ਼ ਲਾਏ ਸਨ। ਵਿਧਾਇਕ ਦੇ ਵਕੀਲ ਰਮਨਦੀਪ ਸ਼ਰਮਾ ਨੇ ਕਿਹਾ ਕਿ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ, ਜਾਣ-ਬੁੱਝ ਕੇ ਵਿਧਾਇਕ ਦੇ ਰਾਜਨੀਤਕ ਅਤੇ ਜਨਤਕ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ 2022 ਵਿਚ ਮੌੜ ਹਲਕੇ ਦੇ ਵੋਟਰਾਂ ਦੇ ਭਾਰੀ ਸਮਰਥਨ ਨਾਲ ਚੁਣੇ ਗਏ ਸਨ ਤੇ ਇਹ ਦੋਸ਼ ਉਨ੍ਹਾਂ ਨੂੰ ਬਦਨਾਮ ਕਰਨ ਲਈ ਲਗਾਏ ਗਏ ਹਨ। ਵਿਧਾਇਕ ਨੇ ਨੋਟਿਸ ਰਾਹੀ ਸਪੱਸ਼ਟ ਕੀਤਾ ਹੈ ਕਿ ਨਗਰ ਕੌਂਸਲ ਪ੍ਰਧਾਨ ਨੂੰ 15 ਦਿਨਾਂ ਦੇ ਅੰਦਰ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਰਾਜਨੀਤਿਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਨੋਟਿਸ ਵਿਚ ਕਿਹਾ ਕਿ ਜੇਕਰ ਪ੍ਰਧਾਨ ਨੇ ਅਜਿਹਾ ਨਾ ਕੀਤਾ ਤਾਂ ਉਸ ਖਿਲਾਫ ਪੰਜ ਕਰੋੜ ਦੀ ਵਸੂਲੀ ਦਾ ਕੇਸ ਕੀਤਾ ਜਾਵੇਗਾ।