- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਕਾਰਵਾਈ ਦੀ ਮੰਗ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮੌੜ ਮੰਡੀ ਨਾਲ ਜੁੜੇ ਇਕ ਗੰਭੀਰ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਸਿਆਸੀ ਹਲਕਿਆਂ ’ਚ ਹਲਚਲ ਮਚ ਗਈ ਹੈ। ਹਿੰਦੂ ਮਹਾਗੱਠਜੋੜ ਦੇ ਪ੍ਰਧਾਨ ਸੰਦੀਪ ਪਾਠਕ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਨਗਰ ਕੌਂਸਲ ਮੌੜ ਮੰਡੀ ਦੇ ਪ੍ਰਧਾਨ ਕਰਨੈਲ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 26 ਜਨਵਰੀ 2026 ਨੂੰ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੇ ਖੁੱਲ੍ਹੇ ਮੰਚ ਤੋਂ ਅਤੇ ਮੀਡੀਆ ਸਾਹਮਣੇ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਉੱਤੇ ਉਨ੍ਹਾਂ ਤੋਂ 30 ਲੱਖ ਰੁਪਏ ਲੈ ਕੇ ਪ੍ਰਧਾਨ ਦਾ ਅਹੁਦਾ ਦਿਵਾਉਣ ਦੇ ਗੰਭੀਰ ਦੋਸ਼ ਲਾਏ। ਇਸ ਸਮਾਗਮ ਨਾਲ ਸਬੰਧਤ ਵੀਡੀਓਜ਼ ਇੰਟਰਨੈੱਟ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕਰਨੈਲ ਸਿੰਘ ਵਿਧਾਇਕ ਉੱਤੇ ਸਿੱਧੇ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਉਂਦੇ ਨਜ਼ਰ ਆ ਰਹੇ ਹਨ। ਸ਼ਿਕਾਇਤਕਰਤਾ ਸੰਦੀਪ ਪਾਠਕ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੇ ਮੀਡੀਆ ਸਾਹਮਣੇ ਵੀ ਆਪਣੇ ਬਿਆਨ ਦਿੱਤੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਵਿਧਾਇਕ ਨੇ ਉਨ੍ਹਾਂ ਤੋਂ ਪ੍ਰਧਾਨ ਬਣਾਏ ਜਾਣ ਦੇ ਬਦਲੇ 30 ਲੱਖ ਰੁਪਏ ਲਏ। ਪਾਠਕ ਨੇ ਦੋਸ਼ ਲਗਾਇਆ ਕਿ ਜੇਕਰ ਵਿਧਾਇਕ ਵੱਲੋਂ ਰਿਸ਼ਵਤ ਲੈਣਾ ਅਪਰਾਧ ਹੈ, ਤਾਂ ਉਸੇ ਤਰ੍ਹਾਂ ਪ੍ਰਧਾਨ ਬਣਨ ਲਈ 30 ਲੱਖ ਰੁਪਏ ਦੇਣ ਦੀ ਗੱਲ ਕਬੂਲ ਕਰਨਾ ਵੀ ਇਕ ਗੰਭੀਰ ਅਪਰਾਧ ਹੈ, ਜੋ ਖੁਦ ਕਰਨੈਲ ਸਿੰਘ ਨੇ ਜਨਤਕ ਤੌਰ ’ਤੇ ਸਵੀਕਾਰਿਆ ਹੈ।
ਪੱਤਰ ’ਚ ਇਹ ਵੀ ਜ਼ਿਕਰ ਕੀਤਾ ਹੈ ਕਿ ਵਿਧਾਇਕ ਸੁਖਵੀਰ ਸਿੰਘ ਨਾਲ ਜੁੜੀਆਂ ਵਿਵਾਦਤ ਵੀਡੀਓਜ਼ ਪਹਿਲਾਂ ਵੀ ਇੰਟਰਨੈੱਟ ਮੀਡੀਆ ’ਤੇ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਉੱਤੇ ਵੱਖ-ਵੱਖ ਕਿਸਮ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਮੌੜ ਵਿਧਾਨ ਸਭਾ ਖੇਤਰ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਅਕਸਰ ਚਰਚਾਵਾਂ ਤੇ ਅਫ਼ਵਾਹਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਸ਼ਿਕਾਇਤ ’ਚ ਕਿਹਾ ਕਿ ਵਿਧਾਇਕ ਦੇ ਖੇਤਰ ਨਾਲ ਜੁੜੇ ਥਾਣਿਆਂ ’ਚ ਐੱਸਐੱਚਓ ਪੱਧਰ ’ਤੇ ਵਾਰ-ਵਾਰ ਤਬਾਦਲੇ ਤੇ ਮੁਅੱਤਲ ਹੋਣਾਂ ਸ਼ੱਕ ਪੈਦਾ ਕਰਦੇ ਹਨ ਤੇ ਪੁਲਿਸ ਵਿਭਾਗ ਨਾਲ ਸਬੰਧਤ ਮਾਮਲਿਆਂ ’ਚ ਕਥਿਤ ਬੇਨਿਯਮੀਆਂ ਵੱਲ ਇਸ਼ਾਰਾ ਕਰਦੇ ਹਨ। ਸੰਦੀਪ ਪਾਠਕ ਦਾ ਕਹਿਣਾ ਹੈ ਕਿ ਇਕ ਵਿਧਾਇਕ ’ਤੇ ਇਸ ਤਰ੍ਹਾਂ ਦੇ ਦੋਸ਼ ਲੱਗਣ ਨਾਲ ਨਾ ਸਿਰਫ਼ ਵਿਧਾਨ ਸਭਾ ਦੀ ਛਵੀ ਧੁੰਦਲੀ ਹੁੰਦੀ ਹੈ, ਬਲਕਿ ਆਮ ਜਨਤਾ ਵਿੱਚ ਲੋਕਤੰਤਰਿਕ ਸੰਸਥਾਵਾਂ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਵਿਧਾਇਕ ਮਾਈਸਰਖਾਨਾ ਉੱਤੇ 30 ਲੱਖ ਰੁਪਏ ਲੈਣ ਤੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਉੱਤੇ 30 ਲੱਖ ਰੁਪਏ ਦੇਣ ਦੇ ਦੋਸ਼ਾਂ ਦੇ ਆਧਾਰ ’ਤੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਨਾਲ ਹੀ ਕਿਸੇ ਸੀਨੀਅਰ ਆਈਪੀਐੱਸ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕਰਕੇ ਪੂਰੇ ਮਾਮਲੇ ਦੀ ਨਿਰਪੱਖ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ।