ਪਾਬੰਦੀਸ਼ੁਦਾ ਪਦਾਰਥਾਂ ਸਣੇ 11 ਜਣੇ ਕਾਬੂ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 11 ਵਿਅਕਤੀ ਗ੍ਰਿਫਤਾਰ
Publish Date: Tue, 27 Jan 2026 07:12 PM (IST)
Updated Date: Wed, 28 Jan 2026 04:11 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 11 ਵਿਅਕਤੀਆਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗੋਨਿਆਣਾ ਮੰਡੀ ’ਚ ਛਾਪਾਮਾਰੀ ਕਰਦਿਆਂ ਅਵਤਾਰ ਸਿੰਘ ਵਾਸੀ ਪਿੰਡ ਗੋਨਿਆਣਾ ਕਲਾਂ ਤੇ ਮਿਥਨ ਕੁਮਾਰ ਵਾਸੀ ਗੋਨਿਆਣਾ ਖੁਰਦ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਛਾਪੇਮਾਰੀ ਕਰਦਿਆਂ ਰਾਜਾ ਵਾਸੀ ਪਿੰਡ ਰਾਮਪੁਰਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਸੰਗਤ ਕਲਾਂ ਵਿੱਚ ਛਾਪੇਮਾਰੀ ਕਰਦਿਆਂ ਓਂਕਾਰ ਸਿੰਘ ਵਾਸੀ ਸੰਗਤ ਕਲਾਂ ਅਤੇ ਸੁਖਪ੍ਰੀਤ ਕੌਰ ਨੂੰ 60 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਜਦੋਂ ਇਸੇ ਥਾਣੇ ਦੀ ਪੁਲਿਸ ਨੇ ਪਿੰਡ ਭਗਵਾਨਗੜ੍ਹ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 71 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿੰਨ੍ਹਾਂ ਦੀ ਪਛਾਣ ਸੰਦੀਪ ਸਿੰਘ ਅਤੇ ਹਰਜੀਤ ਸਿੰਘ ਵਾਸੀਆਨ ਪਿੰਡ ਭਗਵਾਨਗੜ੍ਹ ਵਜੋਂ ਹੋਈ ਹੈ। ਥਾਣਾ ਨੰਦਗੜ੍ਹ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਨੰਦਗੜ੍ਹ ਨੂੰ 60 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਕੋਟਫੱਤਾ ਦੀ ਪੁਲਿਸ ਨੇ ਪਿੰਡ ਕੋਟਭਾਰਾ ਸੂਏ ਦੇ ਪੁਲ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 6.35 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਪਿੰਡ ਭਾਗੂ ਵਜੋਂ ਹੋਈ ਹੈ। ਤਲਵੰਡੀ ਸਾਬੋ ਪੁਲਿਸ ਨੇ ਹੀ ਜਸਵਿੰਦਰ ਸਿੰਘ ਅਤੇ ਸਤਪਾਲ ਸਿੰਘ ਵਾਸੀ ਪਿੰਡ ਕੌਰੇਆਣਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 870 ਕੈਪਸੂਲ ਬਰਾਮਦ ਕੀਤੇ ਹਨ, ਜਦੋਂ ਕਿ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿੰਡ ਬਾਘਾ ਤੋਂ ਬੰਗੀਆਂ ਰੋਡ ’ਤੇ ਇਕ ਸ਼ੱਕੀ ਵਿਅਕਤੀ ਦੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਛੇ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਬਾਘਾ ਵਜੋਂ ਹੋਈ ਹੈ।