ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਣਤੰਤਰ ਦਿਵਸ
ਐਮਆਰਐਸਪੀਟੀਯੂ ਨੇ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ
Publish Date: Tue, 27 Jan 2026 06:48 PM (IST)
Updated Date: Wed, 28 Jan 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ), ਬਠਿੰਡਾ ਵੱਲੋਂ 77ਵਾਂ ਗਣਤੰਤਰ ਦਿਵਸ ਪੂਰੇ ਦੇਸ਼ ਭਗਤੀ ਦੇ ਜਜ਼ਬੇ ਤੇ ਉਤਸ਼ਾਹ ਨਾਲ ਯੂਨੀਵਰਸਿਟੀ ਦੇ ਐਥਲੈਟਿਕ ਗਰਾਊਂਡ ਵਿਖੇ ਮਨਾਇਆ। 26 ਜਨਵਰੀ 1950 ਨੂੰ ਭਾਰਤ ਦੇ ਇਕ ਪ੍ਰਭੂਸੱਤਾ ਮੁਕੰਮਲ, ਲੋਕਤੰਤਰੀ ਗਣਰਾਜ ਬਣਨ ਦੀ ਇਤਿਹਾਸਕ ਘੜੀ ਨੂੰ ਯਾਦ ਕੀਤਾ ਗਿਆ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਦੇਸ਼ ਦੇ ਮਾਣ ਨੂੰ ਦੁਹਰਾਇਆ ਗਿਆ। ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਤੇ ਪਰੇਡ ਦੀ ਸਲਾਮੀ ਲੈਣ ਨਾਲ ਹੋਈ। ਇਸ ਦੌਰਾਨ ’ਵਰਸਿਟੀ ਭਾਈਚਾਰੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭਾ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਸੂਬੇ ਦੀ ਧਰਤੀ ਨੇ ਦੇਸ਼ ਦੀ ਰੱਖਿਆ ਤੇ ਆਜ਼ਾਦੀ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਅਣਗਿਣਤ ਸ਼ਹੀਦਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਵਿਗਿਆਨੀਆਂ, ਖੋਜਕਰਤਾਵਾਂ, ਸਿੱਖਿਅਕਾਂ ਤੇ ਵਿਦਿਆਰਥੀਆਂ ਦੇ ਰਾਸ਼ਟਰ ਨਿਰਮਾਣ ’ਚ ਅਨਮੋਲ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਮਨੁੱਖਤਾ, ਏਕਤਾ, ਭਾਈਚਾਰੇ ਤੇ ਰਾਸ਼ਟਰੀ ਅਖੰਡਤਾ ਦੇ ਮੁੱਲਾਂ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ’ਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ’ਵਰਸਿਟੀ ਦੀ ਤਰੱਕੀ ਬਾਰੇ ਗੱਲ ਕਰਦਿਆਂ ਪ੍ਰੋ. ਸ਼ਰਮਾ ਨੇ ਕਿਹਾ ਕਿ ਆਉਣ ਵਾਲਾ ਦਹਾਕਾ ਐੱਮਆਰਐੱਸ ਪੀਟੀਯੂ ਲਈ ਪਰਿਵਰਤਨਸ਼ੀਲ ਸਾਬਤ ਹੋਵੇਗਾ। ’ਵਰਸਿਟੀ ਦੇ ਛੇ ਵਿਗਿਆਨੀ ਦੁਨੀਆ ਦੇ ਚੋਟੀ ਦੇ ਦੋ ਫ਼ੀਸਦੀ ਵਿਗਿਆਨੀਆਂ ’ਚ ਸ਼ਾਮਲ ਹਨ, ਜੋ ਸੰਸਥਾ ਦੀ ਅਕਾਦਮਿਕ ਉੱਤਮਤਾ ਦਾ ਸਬੂਤ ਹੈ। ਸਮਾਗਮ ਦੌਰਾਨ 20 ਪੰਜਾਬ ਬਟਾਲੀਅਨ ਐੱਨਸੀਸੀ ਦੇ ਕੈਡਿਟਾਂ ਵੱਲੋਂ ਡਾ. ਵਿਵੇਕ ਕੌਂਡਲ ਦੀ ਅਗਵਾਈ ’ਚ ਸ਼ਾਨਦਾਰ ਤੇ ਅਨੁਸ਼ਾਸਿਤ ਪਰੇਡ ਪੇਸ਼ ਕੀਤੀ। ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਹੋਰ ਰੰਗ ਭਰ ਦਿੱਤਾ। ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵੀ ਸਭ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ’ਚ ਡੀਨ, ਡਾਇਰੈਕਟਰ, ਅਧਿਆਪਕ, ਅਧਿਕਾਰੀ, ਸਟਾਫ਼ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸਮਾਗਮ “ਭਾਰਤ ਮਾਤਾ ਕੀ ਜੈ” ਦੇ ਨਾਅਰਿਆਂ ਨਾਲ ਗੂੰਜਦਿਆਂ ਦੇਸ਼ ਪ੍ਰਤੀ ਸਮਰਪਣ ਦੇ ਸਾਂਝੇ ਸੰਕਲਪ ਨਾਲ ਸਮਾਪਤ ਹੋਇਆ।