ਅਗਲੇ ਦਿਨਾਂ ਪਵੇਗਾ ਮੀਂਹ, ਝੱਖੜ ਤੇ ਸੀਤ ਲਹਿਰ ਦੀ ਚਿਤਵਾਨੀ
ਅਗਲੇ ਦਿਨਾਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ, ਬੁੱਧਵਾਰ ਨੂੰ ਆ ਸਕਦਾ ਹੈ ਤੇਜ਼ ਝੱਖੜ, ਸੀਤ ਲਹਿਰ ਦੀ ਚਿਤਵਾਨੀ
Publish Date: Tue, 27 Jan 2026 05:46 PM (IST)
Updated Date: Wed, 28 Jan 2026 04:05 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਆਉਣ ਵਾਲੇ ਤਿੰਨ-ਚਾਰ ਦਿਨਾਂ ਵਿੱਚ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਜ਼ਿਲ੍ਹੇ ਵਿਚ ਝੱਖੜ ਆ ਸਕਦਾ ਹੈ ਤੇ ਗਰਜ ਚਮਕ ਨਾਲ ਮੀਂਹ ਪੈ ਸਕਦਾ ਹੈ। ਮੌਸਮ ਮਾਹਿਰਾਂ ਨੇ ਕਿਹਾ ਕਿ ਇਸ ਮੌਸਮੀ ਪ੍ਰਭਾਵ ਨਾਲ ਹੀ 31 ਜਨਵਰੀ ਤਕ ਜ਼ਿਲ੍ਹੇ ਵਿੱਚ ਸੀਤ ਲਹਿਰ ਜਾਰੀ ਰਹੇਗੀ। ਮੌਸਮ ਦੇ ਅੰਦਾਜ਼ੇ ਮੁਤਾਬਕ ਭਵਿੱਖ ’ਚ ਵੱਧ ਤੋਂ ਵੱਧ ਤਾਪਮਾਨ 18 ਤੋਂ 19 ਡਿਗਰੀ ਸੈਲਸੀਅਸ ਦੇ ਦਰਮਿਆਨ ਤੇ ਘੱਟ ਤੋਂ ਘੱਟ ਤਾਪਮਾਨ 9 ਤੋਂ 10 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਹਲਕਾ ਮੀਂਹ ਹੋਣ ਕਾਰਨ ਸ਼ਹਿਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਨਮੀ ਦਾ ਅਹਿਸਾਸ ਵੱਧੇਗਾ। ਇਸਦੇ ਨਾਲ ਹੀ ਸਵੇਰੇ ਅਤੇ ਰਾਤ ਦੇ ਸਮੇਂ ਤਾਪਮਾਨ ਵਿਚ ਥੋੜਾ ਅੰਤਰ ਰਹਿਣ ਕਾਰਨ ਠੰਢੇ ਮਹਿਸੂਸ ਹੋਣਗੇ। ਮੰਗਲਵਾਰ ਨੂੰ ਵੀ ਸੀਤ ਲਹਿਰ ਜਾਰੀ ਰਹੀ ਤੇ ਧੁੱਪ ਨਹੀ ਨਿਕਲੀ ਜਿਸ ਕਾਰਨ ਠੰਢ ਵਿਚ ਹੋਰ ਵਾਧਾ ਹੋ ਗਿਆ ਹੈ। ਠੰਢ ਕਾਰਨ ਬਹੁਤ ਘੱਟ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ, ਦਿਨ ਸਮੇਂ ਸ਼ਹਿਰ ਦੀਆਂ ਸੜਕਾਂ ਸੁੰਨੀਆਂ ਨਜ਼ਰ ਆਈਆਂ ਜਦੋਂ ਕਿ ਬਜ਼ਾਰਾਂ ਵਿਚ ਰੌਣਕ ਘਟ ਰਹੀ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਲੋਕਾਂ ਨੇ ਠੰਢ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਸੀ, ਪਰ ਹੁਣ ਫਿਰ ਠੰਢ ਵਧ ਗਈ ਹੈ। ਮੌਸਮ ਵਿਭਾਗ ਨੇ ਜਿੱਥੇ ਸੀਤ ਲਹਿਰ ਚੱਲਣ, ਹਲਕਾ ਤੋ ਦਰਮਿਆਨਾ ਮੀਂਹ ਪੈਣ ਦੇ ਨਾਲ ਨਾਲ ਝੱਖੜ ਦੀ ਚਿਤਾਵਨੀ ਜਾਰੀ ਕੀਤੀ ਹੈ ਉਥੇ ਹੀ 29 ਜਨਵਰੀ ਨੂੰ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਲੋਕ ਖਾਸ ਕਰਕੇ ਬਜ਼ੁਰਗ ਤੇ ਬੱਚੇ, ਸਾਵਧਾਨ ਰਹਿਣ। ਇਸ ਦੌਰਾਨ ਲੰਬਾ ਸਮਾਂ ਬਾਹਰ ਰਹਿਣ ਨਾਲ ਸਿਹਤ ਸਬੰਧੀ ਸਮੱਸਿਆਵਾਂ, ਜਿਵੇਂ ਸਰੀਰ ਵਿੱਚ ਠੰਢ ਅਤੇ ਜੁਕਾਮ ਵਧ ਸਕਦੇ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਠੰਢ ਵਿੱਚ ਬਾਹਰ ਜਾਣੇ ਤੋਂ ਬਚਣ ਦੀ ਸਲਾਹ ਦਿੱਤੀ ਹੈ।