ਚਾਈਨਾ ਡੋਰ ਦੀ ਲਪੇਟ ’ਚ ਆ ਕੇ ਬਾਈਕ ਸਵਾਰ ਜ਼ਖ਼ਮੀ
ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਬਾਈਕ ਸਵਾਰ ਜ਼ਖ਼ਮੀ
Publish Date: Tue, 27 Jan 2026 05:34 PM (IST)
Updated Date: Wed, 28 Jan 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ਼, ਰਾਮਪੁਰਾ ਫੂਲ : ਸਰਕਾਰ ਤੇ ਪ੍ਰਸ਼ਾਸਨ ਦੇ ਹਜ਼ਾਰਾਂ ਦਾਅਵਿਆਂ ਦੇ ਬਾਵਜੂਦ ਚਾਈਨਾ ਡੋਰ ਦਾ ਖਤਰਾ ਅਤੇ ਇਸ ਨਾਲ ਹੋ ਰਹੇ ਹਾਦਸੇ ਘਟਣ ਦਾ ਨਾਮ ਨਹੀਂ ਲੈ ਰਹੇ। ਖੂਨੀ ਡੋਰ ਦੇ ਕਾਰਨ ਹੁਣ ਤਕ ਜ਼ਿਲ੍ਹੇ ਅੰਦਰ ਕਈ ਹਾਦਸੇ ਵਾਪਰ ਚੁੱਕੇ ਹਨ। ਮੰਗਲਵਾਰ ਦੂਪਹਿਰ ਨੂੰ ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੋਂ ਗੁਜ਼ਰਦੇ ਬਾਈਕ ਸਵਾਰ ਲਈ ਡੋਰ ਆਫ਼ਤ ਬਣ ਗਈ। ਡੋਰ ਦੀ ਲਪੇਟ ਵਿੱਚ ਆਉਣ ਨਾਲ ਚਾਲਕ ਦੀ ਗਰਦਨ ਅਤੇ ਇਕ ਹੱਥ ਦੀ ਉਂਗਲੀ ਕੱਟ ਗਈ। ਜ਼ਖ਼ਮੀ ਦੀ ਪਛਾਣ ਰਵਿੰਦਰ ਸਿੰਘ,ਪੁੱਤਰ ਅਜੈ ਸਿੰਘ, ਵਾਸੀ ਪ੍ਰੇਮ ਨਗਰ ਰਾਮਪੁਰਾ ਫੂਲ ਵਜੋਂ ਕੀਤੀ ਗਈ। ਸੂਚਨਾ ਮੁਤਾਬਕ ਮੰਗਲਵਾਰ ਨੂੰ ਰਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਹਿਰ ਦੇ ਰੇਲਵੇ ਓਵਰਬ੍ਰਿਜ ਉੱਤੇ ਗੁਜ਼ਰ ਰਹੇ ਸਨ। ਇਸ ਦੌਰਾਨ ਓਵਰਬ੍ਰਿਜ ’ਤੇ ਲਟਕ ਰਹੀ ਚਾਈਨਾ ਡੋਰ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਵੇਲੇ ਉੱਥੇ ਹੋਰ ਗੁਜ਼ਰਦੇ ਲੋਕਾਂ ਨੇ ਜਖਮੀ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਉਸ ਦੀ ਗਲ਼ੇ ’ਤੇ 7 ਅਤੇ ਉਂਗਲੀ ’ਤੇ 3 ਟਾਂਕੇ ਲਗਾਏ। ਅਰੋੜਾ ਵੰਸ਼ ਸਭਾ ਰਾਮਪੁਰਾ ਫੂਲ ਦੇ ਅਸ਼ੋਕ ਅਰੋੜਾ ਨੇ ਕਿਹਾ ਕਿ ਸਰਕਾਰ, ਪ੍ਰਸ਼ਾਸਨ ਤੇ ਸਮਾਜਿਕ ਸੰਗਠਨਾਂ ਵੱਲੋਂ ਲੋਕਾਂ ਨੂੰ ਡੋਰ ਤੋਂ ਬਚਣ ਲਈ ਸਮੇਂ-ਸਮੇਂ ਤੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਪਰ ਇਸ ਦੇ ਬਾਵਜੂਦ ਪਾਬੰਦੀ ਸ਼ੁਦਾ ਡੋਰ ਦਾ ਵਰਤੋਂ ਰੁਕ ਨਹੀਂ ਰਿਹਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਖਤੀ ਨਾਲ ਪਾਬੰਦੀ ਲਾਉਣ ਦੀ ਮੰਗ ਕੀਤੀ। ਸਮਾਜ-ਸੇਵੀ ਮਨਦੀਪ ਸ਼ਰਮਾ ਨੇ ਕਿਹਾ ਕਿ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਹਰ ਰੋਜ਼ ਕਈ ਲੋਕ ਹਾਦਸਾਗ੍ਰਸਤ ਹੁੰਦੇ ਹਨ, ਫਿਰ ਵੀ ਜ਼ਿਆਦਾਤਰ ਲੋਕ ਇਸ ਦਾ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ।