ਮਨਰੇਗਾ ’ਤੇ ਭਾਜਪਾ ਦੀ ਕੈਂਚੀ ਚੱਲਣ ’ਤੇ ਜਟਾਣਾ ਨੇ ਲੋਕ ਕੀਤੇ ਜਾਗਰੂਕ
ਮਨਰੇਗਾ ‘ਤੇ ਬੀਜੇਪੀ ਦੀ ਕੈਂਚੀ, ਜਟਾਣਾ ਨੇ ਪਿੰਡਾਂ
Publish Date: Sun, 25 Jan 2026 07:49 PM (IST)
Updated Date: Mon, 26 Jan 2026 04:16 AM (IST)
-ਮਨਰੇਗਾ ਦੀ ਰੱਖਿਆ ਕਰਨਾ ਪਾਰਟੀ ਦੀ ਸਭ ਤੋਂ ਵੱਡੀ ਤਰਜੀਹ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਕਾਂਗਰਸ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਮਨਰੇਗਾ ਬਚਾਓ ਸੰਗਰਾਮ” ਤਹਿਤ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਮਨਰੇਗਾ ਨਾਲ ਸਬੰਧਤ ਮਜ਼ਦੂਰ ਵਰਗ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਹੱਕਾਂ, ਯੋਜਨਾ ਦੀ ਮਹੱਤਤਾ ਤੇ ਸਰਕਾਰੀ ਨੀਤੀਆਂ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਇਸ ਦੌਰਾਨ ਖੁਸ਼ਬਾਜ਼ ਸਿੰਘ ਜਟਾਣਾ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਜ਼ਦੂਰ ਵਿਰੋਧੀ ਸੋਚ ਦੇ ਤਹਿਤ ਮਨਰੇਗਾ ਵਰਗੀ ਲੋਕ-ਹਿੱਤ ਯੋਜਨਾ ਨੂੰ ਹੌਲੀ-ਹੌਲੀ ਕਮਜ਼ੋਰ ਕਰਨ ਅਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਰਚੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮਨਰੇਗਾ ਸਿਰਫ਼ ਰੋਜ਼ਗਾਰ ਦੀ ਗਾਰੰਟੀ ਨਹੀਂ, ਸਗੋਂ ਪਿੰਡਾਂ ਦੀ ਆਰਥਿਕ ਮਜ਼ਬੂਤੀ ਦਾ ਮੂਲ ਆਧਾਰ ਹੈ, ਜਿਸ ‘ਤੇ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਿਰਭਰ ਕਰਦੀ ਹੈ। ਜਟਾਣਾ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਦੇ ਬਜਟ ਵਿਚ ਕਟੌਤੀ, ਭੁਗਤਾਨਾਂ ਵਿੱਚ ਬੇਹੱਦ ਦੇਰੀ, ਆਨਲਾਈਨ ਪ੍ਰਕਿਰਿਆਵਾਂ ਦੇ ਨਾਂ ‘ਤੇ ਰੁਕਾਵਟਾਂ ਅਤੇ ਨਵੇਂ ਨਿਯਮ ਲਾਗੂ ਕਰਕੇ ਮਜ਼ਦੂਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਇਸ ਯੋਜਨਾ ਤੋਂ ਦੂਰ ਹੋ ਜਾਣ। ਉਨ੍ਹਾਂ ਕਿਹਾ ਕਿ ਇਹ ਸਿੱਧਾ ਗਰੀਬ ਮਜ਼ਦੂਰ ਵਰਗ ਨਾਲ ਧੋਖਾ ਅਤੇ ਸੰਵਿਧਾਨਕ ਹੱਕਾਂ ’ਤੇ ਹਮਲਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਮਨਰੇਗਾ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਚਾਲ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਕਾਂਗਰਸ ਹਰ ਪੱਧਰ ‘ਤੇ ਸੰਘਰਸ਼ ਕਰੇਗੀ ਅਤੇ ਮਜ਼ਦੂਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਮੈਦਾਨ ਤੋਂ ਲੈ ਕੇ ਸੰਸਦ ਤੱਕ ਆਵਾਜ਼ ਬੁਲੰਦ ਕੀਤੀ ਜਾਵੇਗੀ।
ਖੁਸ਼ਬਾਜ਼ ਸਿੰਘ ਜਟਾਣਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਹਰ ਪਿੰਡ ਵਿੱਚ ਜਾ ਕੇ ਮਨਰੇਗਾ ਮਜ਼ਦੂਰਾਂ ਨੂੰ ਇਕੱਠਾ ਕੀਤਾ ਜਾਵੇਗਾ, ਉਨ੍ਹਾਂ ਦੀਆਂ ਸਮੱਸਿਆਵਾਂ ਦਰਜ ਕੀਤੀਆਂ ਜਾਣਗੀਆਂ ਅਤੇ ਲੋੜ ਪੈਣ ’ਤੇ ਵੱਡਾ ਅੰਦੋਲਨ ਵੀ ਛੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਮਜ਼ਦੂਰ ਵਰਗ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਮਨਰੇਗਾ ਦੀ ਰੱਖਿਆ ਕਰਨਾ ਪਾਰਟੀ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਮੌਕੇ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ ਜਟਾਣਾ, ਲੱਖਵਿੰਦਰ ਸਿੰਘ ਲੱਕੀ ਸਾਬਕਾ ਜ਼ਿਲਾ ਯੂਥ ਪ੍ਰਧਾਨ, ਦਰਸ਼ਨ ਸਿੰਘ ਮਾਨਵਾਲਾ ਬਲਾਕ ਕਾਂਗਰਸ ਪ੍ਰਧਾਨ ਰਾਮਾ,ਅੰਗਰੇਜ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ ਤੋਂ ਇਲਾਵਾ ਵੱਡੀ ਗਿਣਤੀ ’ਚ ਲ਼ੋਕ ਹਾਜ਼ਰ ਸਨ।