ਭਾਕਿਯੂ ਪੰਜਾਬ ਨੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੇਂਦਰੀ
Publish Date: Sun, 25 Jan 2026 07:29 PM (IST)
Updated Date: Mon, 26 Jan 2026 04:14 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਤੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਡਾ. ਜਗਤਾਰ ਸਿੰਘ ਗਿੱਲ ਦੀ ਅਗਵਾਈ ’ਚ ਪੰਚਕੁਲਾ ਵਿਖੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਪੰਜਾਬ ਦੇ ਕਿਸਾਨੀ ਮਸਲਿਆਂ ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਯੂਨੀਅਨ ਦੇ ਮੈਂਬਰ ਪ੍ਰਗਟ ਸਿੰਘ ਲਹਿਰਾਂ, ਕੋਰ ਕਮੇਟੀ ਮੈਂਬਰ ਗੁਰਜੰਟ ਸਿੰਘ ਧਮਾਣ, ਅੰਕਿਤ ਸਹਿਗਲ ਅਤੇ ਹੋਰ ਨੁਮਾਇਦੇ ਵੀ ਮੌਜੂਦ ਸਨ। ਡਾ. ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰੀ ਬਿਜਲੀ ਮੰਤਰੀ ਨੂੰ ਸਾਫ਼ ਲਫ਼ਜ਼ਾਂ ਵਿਚ ਕਿਹਾ ਗਿਆ ਕਿ ਬਿੱਲ ਰੱਦ ਕੀਤਾ ਜਾਵੇ। ਮੰਤਰੀ ਨੇ ਜਵਾਬ ਦਿੱਤਾ ਕਿ ਬਿੱਲ ਲਾਗੂ ਕਰਨ ਜਾਂ ਨਾ ਕਰਨ ਦਾ ਫੈਸਲਾ ਸੂਬਾ ਸਰਕਾਰ ਦੀ ਮਰਜ਼ੀ ’ਤੇ ਨਿਰਭਰ ਹੈ ਅਤੇ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਬਣਾਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੇ ਵਿਚਾਰ-ਵਟਾਂਦਰਾ ਤੋਂ ਬਾਅਦ ਕਿਸਾਨੀ ਮਸਲਿਆਂ ਬਾਰੇ ਠੋਸ ਫੈਸਲੇ ਲਏ ਜਾਣਗੇ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਨਿਰਭਰ ਤਰੀਕੇ ਨਾਲ ਤਰੱਕੀ ਦੇ ਰਸਤੇ ਮਿਲ ਸਕਣ। ਯੂਨੀਅਨ ਆਗੂਆਂ ਨੇ ਅਹਿ ਵਾਅਦਾ ਕੀਤਾ ਕਿ ਜੇ ਬਿਜਲੀ ਸੋਧ ਬਿੱਲ 2025 ਲਾਗੂ ਕੀਤਾ ਗਿਆ ਤਾਂ ਕਿਸਾਨ ਉਸ ਦਾ ਡੱਟ ਕੇ ਵਿਰੋਧ ਕਰਨਗੇ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਵੀ ਬੇਨਤੀ ਕੀਤੀ ਕਿ ਇਸ ਬਿੱਲ ਨੂੰ ਮੁੱਢੋਂ ਹੀ ਰੱਦ ਕਰਨ ਦਾ ਫਰਮਾਨ ਜਾਰੀ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦੇ ਹੱਕਾਂ ਦੀ ਸੁਰੱਖਿਆ ਕੀਤੀ ਜਾ ਸਕੇ।