ਸੀਐੱਚਓ ਨੂੰ ਐੱਚਪੀਵੀ ਦੇ ਟੀਕਾਕਰਨ ਬਾਰੇ ਦਿੱਤੀ ਟ੍ਰੇਨਿੰਗ
ਸੀਐਚਓ ਨੂੰ ਐਚਪੀਵੀ ਦੇ ਟੀਕਾਕਰਨ ਸਬੰਧੀ ਦਿੱਤੀ ਟ੍ਰੇਨਿੰਗ
Publish Date: Sun, 25 Jan 2026 07:26 PM (IST)
Updated Date: Mon, 26 Jan 2026 04:14 AM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ : ਬਲਾਕ ਗੋਨਿਆਣਾ ਦੀਆਂ ਸਮੂਹ ਸੀਐੱਚਓ ਤੇ ਮਪਹਵ (ਫੀਮੇਲ) ਨੂੰ ਐਚਪੀਵੀ ( ਹਿਊਮਨ ਪੈਪੀਲੋਮਾ ਵਾਇਰਸ) ਦੇ ਟੀਕਾਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਧੀਰਾ ਗੁਪਤਾ ਨੇ ਕਿਹਾ ਕਿ ਲੜਕੀਆਂ ਲਈ ਇਹ ਵੈਕਸੀਨ ਬਹੁਤ ਮਹੱਤਵਪੂਰਨ ਹੈ ਜੋ ਕਿ ਸਰਵਾਈਕਲ ਕੈਂਸਰ ਤੋਂ ਬਚਾਅ ਕਰਦੀ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿਚ ਸਰਵਾਈਕਲ ਕੈਂਸਰ ਅੋਰਤਾਂ ਨੂੰ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਬੇਸ਼ੱਕ ਇਸ ਕੈਂਸਰ ਨੂੰ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ ਪਰ ਫਿਰ ਵੀ ਇਹ ਔਰਤਾਂ ਦੀ ਮੌਤ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਟੀਕਾਕਰਨ, ਸਕਰੀਨਿੰਗ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾ ਕੇ ਹੀ ਇਸ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ। ਡਾ. ਮੋਨੀਸ਼ਾ ਗਰਗ ਨੇ ਕਿਹਾ ਕਿ ਮਾਹਵਾਰੀ ਦੇ ਦਿਨਾਂ ਵਿਚ ਲੜਕੀਆਂ ਨੂੰ ਸਾਫ਼ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ’ਚ ਹੋਈ ਇਨਫੈਕਸ਼ਨ ਇਸ ਕੈਂਸਰ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾਕਰਨ 9 ਸਾਲ ਦੀ ਉਮਰ ਤੋਂ ਬਾਅਦ ਕਰਵਾਉਣਾ ਜ਼ਰੂਰੀ ਹੈ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਹ ਟੀਕਾਕਰਨ ਜਲਦ ਸ਼ੁਰੂ ਹੋਵੇਗਾ। ਪਹਿਲੇ ਪੜਾਅ ਦੌਰਾਨ ਇਹ ਟੀਕਾਕਰਨ 14 ਤੋਂ 15 ਸਾਲ ਤੱਕ ਦੀ ਉਮਰ ਵਾਲੀਆ ਲੜਕੀਆਂ ਲਈ ਹੋਵੇਗਾ। ਜਿਸ ਨੂੰ ਬਾਅਦ ’ਚ ਆਮ ਟੀਕਾਕਰਨ ਮੁਹਿੰਮ ਦਾ ਹਿੱਸਾ ਬਣਾ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਸਟਾਫ਼ ਨੂੰ ਇਸ ਸਬੰਧੀ ਪਿੰਡਾਂ ’ਚ ਜਾਗਰੂਕਤਾ ਮੁਹਿੰਮ ਫੈਲਾਉਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਯੋਗ ਲਾਭਪਾਤਰੀ ਲੜਕੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ।