ਨਥਾਣਾ ਬਲਾਕ ’ਚ ਕਰਵਾਇਆ ਜਾਗਰੂਕਤਾ ਸਮਾਗਮ
ਨਥਾਣਾ ਬਲਾਕ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Sun, 25 Jan 2026 05:57 PM (IST)
Updated Date: Mon, 26 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਥਾਣਾ : ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਨਿਰਦੇਸ਼ਾਂ ਅਧੀਨ ਨਥਾਣਾ ਬਲਾਕ ’ਚ ਵਿਸ਼ਵ ਬਾਲਿਕਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਬਲਾਕ ਦੇ ਸੀਨੀਅਰ ਮੈਡੀਕਲ ਅਧਿਕਾਰੀ (ਐੱਸਐੱਮਓ) ਡਾ. ਉਮੇਸ਼ ਗੁਪਤਾ ਦੀ ਅਗਵਾਈ ਹੇਠ ਬਲਾਕ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ’ਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਵਿੱਚ ਲੜਕੀਆਂ ਪ੍ਰਤੀ ਸਕਾਰਾਤਮਕ ਸੋਚ ਦਾ ਵਿਕਾਸ ਕਰਨਾ ਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੇ ਆਮ ਲੋਕਾਂ, ਗਰਭਵਤੀਆਂ ਤੇ ਕਿਸ਼ੋਰੀਆਂ ਨੂੰ ਸੰਬੋਧਨ ਕਰਦਿਆਂ ‘ਬੇਟੀ ਬਚਾਓ–ਬੇਟੀ ਪੜ੍ਹਾਓ’ ਮੁਹਿੰਮ ਦੀ ਮਹੱਤਤਾ ‘ਤੇ ਰੌਸ਼ਨੀ ਪਾਈ। ਡਾ. ਉਮੇਸ਼ ਗੁਪਤਾ ਨੇ ਕਿਹਾ ਕਿ ਕੁੜੀਆਂ ਸਮਾਜ ਦੀ ਨੀਂਹ ਹਨ ਤੇ ਬਿਨਾਂ ਉਨ੍ਹਾਂ ਦੇ ਸੰਤੁਲਿਤ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਲਿੰਗ ਅਨੁਪਾਤ ਨੂੰ ਸੁਧਾਰਨ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ।” ਉਨ੍ਹਾਂ ਪੀਸੀਪੀਐੱਨਡੀਟੀ ਐਕਟ (ਪ੍ਰੀ-ਕਨਸੈਪਸ਼ਨ ਐਂਡ ਪ੍ਰੀ-ਨੈਟਲ ਡਾਇਗਨੋਸਟਿਕ ਟੈਕਨੀਕ ਐਕਟ) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਭ ਵਿਚ ਲਿੰਗ ਦੀ ਜਾਂਚ ਕਾਨੂੰਨੀ ਅਪਰਾਧ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਅਜਿਹੇ ਕਿਸੇ ਵੀ ਗੈਰਕਾਨੂੰਨੀ ਕੰਮ ਬਾਰੇ ਸਿਹਤ ਵਿਭਾਗ ਨੂੰ ਤੁਰੰਤ ਸੂਚਨਾ ਦੇਣ। ਪ੍ਰੋਗਰਾਮ ਦੌਰਾਨ ਸਿਹਤ ਕਰਮਚਾਰੀਆਂ ਨੇ ਪੋਸਟਰ, ਪੈਂਪਲੇਟ ਤੇ ਭਾਸ਼ਣਾਂ ਰਾਹੀਂ ਲੜਕੀਆਂ ਦੀ ਸਿੱਖਿਆ, ਸਿਹਤ ਤੇ ਸੁਰੱਖਿਆ ਸਬੰਧੀ ਮੁੱਦਿਆਂ ‘ਤੇ ਜਾਗਰੂਕਤਾ ਫੈਲਾਈ। ਅੰਤ ਵਿਚ ਹਾਜ਼ਰੀਨ ਲੋਕਾਂ ਨੇ ਸੰਕਲਪ ਲਿਆ ਕਿ ਉਹ ਲੜਕੀਆਂ ਦੀ ਰੱਖਿਆ, ਸਨਮਾਨ ਅਤੇ ਸਮਾਨ ਅਧਿਕਾਰਾਂ ਯਕੀਨੀ ਬਣਾਉਣ ’ਚ ਪੂਰਾ ਸਹਿਯੋਗ ਦੇਣਗੇ।