- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਦਾਦੂ ਸਾਹਿਬ ਦੇ ਲੰਗਰ ਹਾਲ ਦੀ ਛੱਤ ਦਾ ਲੈਂਟਰ ਪਾਇਆ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ, ਸਿਰਸਾ (ਹਰਿਆਣਾ) ਸਿੱਖੀ ਪ੍ਰਚਾਰ ਦਾ ਇਕ ਪ੍ਰਮੁੱਖ ਕੇਂਦਰ ਹੈ। ਇਸ ਪਵਿੱਤਰ ਅਸਥਾਨ ਤੋਂ ਲਗਭਗ ਤਿੰਨ ਦਹਾਕੇ ਪਹਿਲਾਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਦੁਨੀਆ ਭਰ ਵਿਚ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਸ਼ੁਰੂਆਤ ਕੀਤੀ ਗਈ ਸੀ। ਦਿਨੋ-ਦਿਨ ਵੱਧ ਰਹੀ ਸਿੱਖ ਸੰਗਤ ਦੀ ਗਿਣਤੀ ਨੂੰ ਦੇਖਦਿਆਂ ਸੰਗਤ ਦੀ ਸੁਵਿਧਾ ਲਈ ਲੰਗਰ ਹਾਲ ਦੀ ਨਵੀਂ ਇਮਾਰਤ ਦੀ ਕਾਰ ਸੇਵਾ ਜਾਰੀ ਹੈ।
ਇਸ ਕੜੀ ਤਹਿਤ ਲੰਗਰ ਹਾਲ ਦੀ ਛੱਤ ਦਾ ਲੈਂਟਰ ਸਫਲਤਾਪੂਰਵਕ ਪਾਇਆ ਗਿਆ, ਜਿਸ ਵਿਚ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਜੱਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾਰ ਨੇ ਦੱਸਿਆ ਕਿ ਕਾਰ ਸੇਵਾ ਵਿਚ ਸ਼ਾਮਲ ਹੋਈਆਂ ਸਾਰੀਆਂ ਸੰਗਤਾਂ ਦਾ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ, ਐਂਬੈਸਡਰ ਫਾਰ ਪੀਸ ਤੇ ਗੁਰਦੁਆਰਾ ਦਾਦੂ ਸਾਹਿਬ ਦੇ ਮੁੱਖ ਸੇਵਾਦਾਰ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ (ਚੇਅਰਮੈਨ, ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਦਿਲੋਂ ਸਵਾਗਤ ਅਤੇ ਧੰਨਵਾਦ ਕੀਤਾ ਗਿਆ।
ਭਾਈ ਬਰਾਰ ਨੇ ਦੱਸਿਆ ਕਿ ਕਈ ਏਕੜ ਵਿਚ ਫੈਲੇ ਇਸ ਪਵਿੱਤਰ ਅਸਥਾਨ ਦਾ ਨਿਰਮਾਣ ਨਗਰ ਦਾਦੂ ਸਾਹਿਬ ਦੀ ਸੰਗਤ ਵੱਲੋਂ ਕਰਵਾਇਆ ਗਿਆ ਸੀ ਅਤੇ ਸਾਲ 1996 ਵਿਚ ਇਸ ਦੀ ਸੇਵਾ-ਸੰਭਾਲ ਜੱਥੇਦਾਰ ਦਾਦੂਵਾਲ ਨੂੰ ਸੌਂਪੀ ਗਈ। ਉਨ੍ਹਾਂ ਦੀ ਅਗਵਾਈ ਹੇਠ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਪੱਧਰ ’ਤੇ ਕਾਰ ਸੇਵਾ ਸ਼ੁਰੂ ਕੀਤੀ ਗਈ, ਜਿਸ ਅਧੀਨ ਪਵਿੱਤਰ ਸਰੋਵਰ, ਦਰਸ਼ਨੀ ਡਿਓੜ੍ਹੀ, ਰਿਹਾਇਸ਼ੀ ਮਕਾਨ, ਬਾਥਰੂਮ, ਲੰਗਰ ਹਾਲ, ਪਾਰਕ ਅਤੇ ਕਾਰ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ। ਭਵਿੱਖ ’ਚ ਗੁਰੂ ਦੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਅਤੇ ਇਕ ਵਿਸ਼ਾਲ ਦੀਵਾਨ ਹਾਲ ਦਾ ਨਿਰਮਾਣ ਵੀ ਜਲਦ ਕਰਵਾਇਆ ਜਾਵੇਗਾ। ਲੰਗਰ ਹਾਲ ਦੀ ਛੱਤ ਦੇ ਲੈਂਟਰ ਮੌਕੇ ਨਗਰ ਦਾਦੂ ਸਾਹਿਬ ਤੇ ਆਲੇ-ਦੁਆਲੇ ਦੇ ਪਿੰਡਾਂ ਸਿੰਘਪੁਰਾ, ਧਰਮਪੁਰਾ, ਕੇਵਲ, ਤਖ਼ਤਮਲ, ਤਾਰੂਆਣਾ, ਤਿਲੋਕਵਾਲਾ, ਮਲਵਾਲਾ, ਦੇਸੂ ਮੁਲਕਾਨਾ, ਕਾਲਾਂਵਾਲੀ ਪਿੰਡ ਅਤੇ ਮੰਡੀ, ਚਕੇਰੀਆਂ, ਜਲਾਲਆਣਾ, ਲੱਕੜਾਂਵਾਲੀ, ਫੱਗੂ, ਦੇਸੂ ਸ਼ਹੀਦਾਂ, ਨੇਜ਼ਾ ਡੱਲਾ, ਪੱਕਾ ਸ਼ਹੀਦਾਂ, ਚਾਂਦਪੁਰਾ, ਖ਼ਤਰਾਵਾਂ ਆਦਿ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਰਾਸ਼ਨ, ਦੁੱਧ ਅਤੇ ਹੋਰ ਸਮੱਗਰੀ ਲੈ ਕੇ ਪੁੱਜੀ ਤੇ ਆਪਣੇ ਹੱਥੀਂ ਕਾਰ ਸੇਵਾ ਕੀਤੀ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕਈ ਪਤਵੰਤੇ ਹਾਜ਼ਰ ਸਨ। ਜੱਥੇਦਾਰ ਦਾਦੂਵਾਲ ਵੱਲੋਂ ਸਭ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਦਾ ਲੰਗਰ ਪਕੌੜੇ, ਜਲੇਬੀਆਂ, ਪਰਸ਼ਾਦਾ, ਚਾਹ, ਦੁੱਧ ਤੇ ਡ੍ਰਾਈ ਫਰੂਟ ਲਗਾਤਾਰ ਵਰਤਾਇਆ।