- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਯਾਤਰੀਆਂ ਨੂੰ ਹਨੀ ਟ੍ਰੈਪ ਵਿਚ ਫਸਾ ਕੇ

-ਬਠਿੰਡਾ ਪੁਲਿਸ ਨੇ ਕਾਰਵਾਈ ਕਰ ਕੇ 3 ਮਰਦ ਤੇ 4 ਔਰਤਾਂ ਕਾਬੂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਰੇਲਵੇ ਸਟੇਸ਼ਨ ਬਠਿੰਡਾ ਅਤੇ ਸੰਤਪੁਰਾ ਰੋਡ ਇਲਾਕੇ ਵਿਚ ਰਾਤ ਦੇ ਸਮੇਂ ਯਾਤਰੀਆਂ ਅਤੇ ਰਾਹਗੀਰਾਂ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਲੁੱਟਪਾਟ ਕਰਨ ਵਾਲੇ ਇਕ ਸੰਗਠਤ ਗਿਰੋਹ ਦਾ ਬਠਿੰਡਾ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਗਿਰੋਹ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਸਨ। ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਮੌਜ਼ੀ (36), ਵਿਸ਼ਾਲ ਕੁਮਾਰ (24), ਸ਼ਿਵਾ (22), ਨੀਤੂ (32), ਕਿਰਨ ਰਾਣੀ ਉਰਫ਼ ਮਾਹੀ (40), ਮਨਪ੍ਰੀਤ ਕੌਰ (42) ਤੇ ਸੁਖਦੀਪ ਕੌਰ (40) ਵਜੋਂ ਹੋਈ ਹੈ। ਸਾਰੇ ਮੁਜਲਜ਼ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ।
ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਨੂੰ ਪਿਛਲੇ ਕੁਝ ਸਮੇਂ ਤੋਂ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੇਲਵੇ ਸਟੇਸ਼ਨ ਦੇ ਨੇੜੇ ਅਤੇ ਸੰਤਪੁਰਾ ਰੋਡ ਖੇਤਰ ਵਿੱਚ ਕੁਝ ਔਰਤਾਂ ਇਕੱਲੇ ਯਾਤਰੀਆਂ ਨੂੰ ਬਹਿਲਾ-ਫੁਸਲਾ ਕੇ ਸੁੰਨੇ ਸਥਾਨਾਂ ਵੱਲ ਲੈ ਜਾਂਦੀਆਂ ਹਨ, ਜਿੱਥੇ ਪਹਿਲਾਂ ਤੋਂ ਮੌਜੂਦ ਉਨ੍ਹਾਂ ਦੇ ਮਰਦ ਸਾਥੀ ਨਕਦੀ ਅਤੇ ਕੀਮਤੀ ਸਮਾਨ ਲੁੱਟ ਲੈਂਦੇ ਹਨ।
ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਐੱਸਪੀ. ਬਠਿੰਡਾ ਡਾ. ਜਯੋਤੀ ਯਾਦਵ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਜਾਂਚ ਸ਼ੁਰੂ ਕੀਤੀ ਗਈ। ਇਸ ਕਾਰਵਾਈ ਦੀ ਨਿਗਰਾਨੀ ਐੱਸਪੀ. (ਇਨਵੈਸਟਿਗੇਸ਼ਨ) ਜਸਮੀਤ ਸਿੰਘ, ਐੱਸਪੀ. ਸਿਟੀ ਨਰਿੰਦਰ ਸਿੰਘ ਅਤੇ ਡੀਐੱਸਪੀ ਸਿਟੀ-1 ਅਮ੍ਰਿਤਪਾਲ ਸਿੰਘ ਭਾਟੀ ਵੱਲੋਂ ਕੀਤੀ ਗਈ। ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗਿਰੋਹ ਸੰਤਪੁਰਾ ਰੋਡ ਇਲਾਕੇ ਵਿੱਚ ਸਰਗਰਮ ਹੈ, ਜੋ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਥ੍ਰੀ-ਵ੍ਹੀਲਰ (ਆਟੋ) ਦੀ ਵਰਤੋਂ ਕਰਦਾ ਹੈ।
ਪੁਲਿਸ ਮੁਤਾਬਕ ਗਿਰੋਹ ਦੀਆਂ ਔਰਤਾਂ ਰਾਤ ਦੇ ਸਮੇਂ ਇਕੱਲੇ ਚੱਲ ਰਹੇ ਰਾਹਗੀਰਾਂ ਅਤੇ ਰੇਲਵੇ ਯਾਤਰੀਆਂ ਨੂੰ ਅਸ਼ਲੀਲ ਇਸ਼ਾਰਿਆਂ ਅਤੇ ਪਿਆਰ ਦੇ ਜਾਲ ਵਿਚ ਫਸਾਉਂਦੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁੰਨੇ ਇਲਾਕਿਆਂ ਵਿੱਚ ਲੈ ਜਾ ਕੇ ਆਟੋ ਵਿੱਚ ਮੌਜੂਦ ਆਪਣੇ ਮਰਦ ਸਾਥੀਆਂ ਦੀ ਮਦਦ ਨਾਲ ਲੁੱਟਖੋਹ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿੱਚ ਕੇਸ ਦਰਜ ਕਰਕੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਇਸ ਗਿਰੋਹ ਨੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ। ਬਠਿੰਡਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਣਜਾਣ ਵਿਅਕਤੀਆਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਹੈਲਪਲਾਈਨ ਨੰਬਰ ’ਤੇ ਦਿਓ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।