ਕੋਹਰੇ ਕਾਰਨ ਸਰ੍ਹੋਂ ਤੇ ਆਲੂਆਂ ਦੀ ਫ਼ਸਲ ਦਾ ਹੋ ਸਕਦੈ ਨੁਕਸਾਨ
ਕੋਹਰਾ ਪੈਣ ਕਾਰਨ ਸਰੋਂ ਤੇ ਆਲੂਆਂ ਦੀ ਫ਼ਸਲ
Publish Date: Sun, 25 Jan 2026 05:26 PM (IST)
Updated Date: Mon, 26 Jan 2026 04:07 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਵੈਸੇ ਤਾਂ ਪੋਹ ਦੇ ਮਹੀਨੇ ਨੂੰ ਸਭ ਤੋਂ ਠੰਢਾ ਮਹੀਨਾ ਮੰਨਿਆ ਜਾਂਦਾ ਹੈ ਅਤੇ ਮਾਘ ਦੇ ਮਹੀਨੇ ਦੇ ਅੱਧ ਤੋਂ ਠੰਢ ਘੱਟ ਹੋਣ ਲੱਗਦੀ ਹੈ, ਪਰ ਐਤਕੀਂ ਪੋਹ ਮਹੀਨੇ ਤੋਂ ਬਾਅਦ ਮਾਘ ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਸੰਘਣੀ ਧੁੰਦ, ਠੰਢ ਪੈਂਦੀ ਰਹੀ ਪਰ ਅੱਜ ਦਿਨ ਚੜ੍ਹਦਿਆਂ ਹੀ ਕੋਹਰਾ ਦਿਖਾਈ ਦੇਣ ਲੱਗ ਪਿਆ ਸੀ। ਅੱਜ ਵੀ ਦਿਨ ਚੜ੍ਹਨ ਤਕ ਸੜਕ ਕੰਢੇ ’ਤੇ ਸੁੱਟੀ ਪਰਾਲੀ ਤੇ ਸੁੱਕੇ ਘਾਹ ’ਤੇ ਕੋਹਰੇ ਦੀ ਮੋਟੀ ਪਰਤ ਜੰਮੀ ਦਿਖਾਈ ਦਿੱਤੀ। ਕੋਹਰਾ ਪੈਣ ਕਾਰਨ ਠੰਢ ਨੇ ਕੰਬਣੀ ਛੇੜ ਦਿੱਤੀ ਹੈ, ਜੇਕਰ ਅਗਲੇ ਦਿਨਾਂ ਵਿਚ ਵੀ ਕੋਹਰਾ ਪੈਣਾ ਏਦਾਂ ਹੀ ਜਾਰੀ ਰਿਹਾ ਤਾਂ ਆਲੂ ਤੇ ਸਰ੍ਹੋਂ ਦੀਆਂ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਸਬੰਧੀ ਪਿੰਡ ਦਿਉਣ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ, ਜਸਵੰਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰ ਦੀ ਸੈਰ ਕਰਕੇ ਵਾਪਸ ਆ ਰਹੇ ਸਨ ਤਾਂ ਕੋਹਰਾ ਸੁੱਕੇ ਘਾਹ, ਝੋਨੇ ਦੀ ਜੋ ਸੜਕਾਂ ਜਾਂ ਖੇਤਾਂ ਦੇ ਕੱਚੇ ਰਾਹਾਂ ‘ਤੇ ਸੁੱਟੀ ਗਈ ਸੀ। ਪਰਾਲੀ ਤੇ ਮਿੱਟੀ ਦੇ ਢੇਰਾਂ ਉੱਪਰ ਪੂਰੀ ਤਰਾਂ ਕੋਹਰਾ ਜੰਮਿਆ ਹੋਇਆ ਸੀ, ਜਿਸ ਕਰਕੇ ਹੱਥ ਪੈਰ ਵੀ ਠੰਢ ਨਾਲ ਸੁੰਨ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਲਈ ਧੁੰਦ ਠੰਢ ਤੇ ਕੋਹਰਾ ਵਰਦਾਨ ਹੈ, ਕਣਕ ਦਾ ਝਾੜ ਵੀ ਵਧਦਾ ਹੈ, ਜਦੋਂਕਿ ਕੋਹਰੇ ਕਾਰਨ ਸਰੋਂ ਅਤੇ ਆਲੂਆਂ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਮੀਂਹ ਨੇ ਵੀ ਕਣਕ ਦੀ ਫ਼ਸਲ ਨੂੰ ਹੁਲਾਰਾ ਦਿੱਤਾ ਹੈ ਕਿਉਂਕਿ ਬਾਰਸ ਦੀਆਂ ਬੂੰਦਾਂ ਕਣਕ ਦੇ ਬੂਟਿਆਂ ਦੇ ਗੋਭਿਆਂ ਵਿਚ ਪੈਣ ਕਾਰਨ ਕਣਕ ਦੀ ਫ਼ਸਲ ਨੂੰ ਤਾਕਤ ਮਿਲਦੀ ਹੈ।