ਭਾਕਿਯੂ ਸਿੱਧੂਪੁਰ-ਪਿਸ਼ੌਰਾ ਸਿੰਘ ਨੇ ਪਿੰਡ ਦਿਉਣ ’ਚ ਬਣਾਈ ਇਕਾਈ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ–ਪਿਸੌਰਾ ਸਿੰਘ
Publish Date: Sun, 25 Jan 2026 04:42 PM (IST)
Updated Date: Mon, 26 Jan 2026 04:04 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਗਜੀਤ ਸਿੰਘ ਡੱਲੇਵਾਲ ਵਾਲੀ ਕਿਸਾਨ ਜਥੇਬੰਦੀ ਤੋਂ ਨਾਰਾਜ਼ ਹੋ ਕੇ ਪਿੰਡ ਦਿਉਣ ਦੇ ਕਿਸਾਨ ਆਗੂ ਰਾਮ ਸਿੰਘ ਬਰਾੜ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ–ਪਿਸ਼ੌਰਾ ਸਿੰਘ ਕਿਸਾਨ ਜਥੇਬੰਦੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜਥੇਬੰਦੀ ਵੱਲੋਂ ਪਿੰਡ ਦਿਉਣ ਇਕਾਈ ਦੀ ਨਵੀਂ ਕਮੇਟੀ ਦਾ ਗਠਨ ਕਰਦਿਆਂ ਰਾਮ ਸਿੰਘ ਬਰਾੜ ਨੂੰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਭਾਕਿਯੂ ਸਿੱਧੂਪੁਰ–ਪਿਸ਼ੌਰਾ ਸਿੰਘ ਦੇ ਕਨਵੀਨਰ ਦਲਵੀਰ ਸਿੰਘ ਆਪਣੇ ਸਾਥੀਆਂ ਬੋਘ ਸਿੰਘ (ਮਾਨਸਾ), ਸੁਰਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਸੰਗਰੂਰ), ਬਲਜੀਤ ਸਿੰਘ ਕਾਕੜਾ ਅਤੇ ਗੁਰਮੀਤ ਸਿੰਘ ਰੁੜਕੀ (ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ) ਸਮੇਤ ਪਿੰਡ ਦਿਉਣ ਵਿਖੇ ਪਹੁੰਚੇ। ਇੱਥੇ ਰਾਮ ਸਿੰਘ ਬਰਾੜ ਨੂੰ ਅਧਿਕਾਰਕ ਤੌਰ ’ਤੇ ਜਥੇਬੰਦੀ ਵਿਚ ਸ਼ਾਮਲ ਕੀਤਾ ਗਿਆ। ਇਸ ਦੌਰਾਨ 21 ਮੈਂਬਰੀ ਪਿੰਡ ਇਕਾਈ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ, ਕਾਲਾ ਸਿੰਘ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ, ਜਦਕਿ ਗੁਰਾਂਦਿੱਤਾ ਸਿੰਘ ਭੱਟੀ, ਗੁਰਮੇਲ ਸਿੰਘ ਗੇਲਾ, ਡਾ. ਦਵਿੰਦਰ ਸਿੰਘ ਸਮੇਤ ਹੋਰ ਸਾਥੀਆਂ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਇਸ ਮੌਕੇ ਕਨਵੀਨਰ ਦਲਵੀਰ ਸਿੰਘ ਨੇ ਕਿਹਾ ਕਿ ਰਾਮ ਸਿੰਘ ਬਰਾੜ ਲੰਬੇ ਸਮੇਂ ਤੋਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਵਿਚ ਕਿਸਾਨਾਂ ਦੇ ਹਿੱਤਾਂ ਲਈ ਨਿਸ਼ਠਾ ਨਾਲ ਕੰਮ ਕਰਦੇ ਆ ਰਹੇ ਸਨ, ਪਰ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਰਾਮ ਸਿੰਘ ਬਰਾੜ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ–ਪਿਸੌਰਾ ਸਿੰਘ ਨਾਲ ਜੁੜਨ ਦੀ ਇੱਛਾ ਜਤਾਈ। ਦਲਵੀਰ ਸਿੰਘ ਨੇ ਆਸ ਜਤਾਈ ਕਿ ਰਾਮ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਪੂਰੀ ਤਨਦੇਹੀ ਨਾਲ ਜਥੇਬੰਦੀ ਲਈ ਕੰਮ ਕਰਨਗੇ ਤੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜਥੇਬੰਦੀ ਵੀ ਰਾਮ ਸਿੰਘ ਬਰਾੜ ਨੂੰ ਪੂਰਾ ਸਹਿਯੋਗ ਦੇਵੇਗੀ ਤਾਂ ਜੋ ਸੰਸਥਾ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕੀਤਾ ਜਾ ਸਕੇ।