ਸੀਵਰੇਜ ਸਿਸਟਮ ਖ਼ਰਾਬ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਭਰਿਆ
ਰਾਮਾਂ ਮੰਡੀ ਵਿਚ ਸੀਵਰੇਜ ਸਿਸਟਮ ਖਰਾਬ, ਗੰਦਾ ਪਾਣੀ ਸੜਕਾਂ ’ਤੇ ਆਇਆ
Publish Date: Sat, 24 Jan 2026 08:20 PM (IST)
Updated Date: Sun, 25 Jan 2026 04:22 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਰਾਮਾਂ ਮੰਡੀ ਵਿੱਚ ਸੀਵਰੇਜ ਪ੍ਰਣਾਲੀ ਦੀ ਖ਼ਰਾਬੀ ਅਤੇ ਗੰਦਾ ਪਾਣੀ ਭਰ ਜਾਣ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ, ਉੇਥੇ ਹੀ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਸਾਬਕਾ ਕੌਂਸਲਰ ਵਿਜੈਪਾਲ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ, ਅਤੇ ਨਾ ਹੀ ਸਥਾਨਕ ਐਮਸੀ ਜਾਂ ਐਮਐਲਏ ਬਲਜਿੰਦਰ ਕੌਰ ਤਲਵੰਡੀ ਸਾਬੋ ਇਸ ਪਾਸੇ ਧਿਆਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਮਹੀਨੇ ਪਹਿਲਾਂ ਮੰਡੀ ਵਾਸੀਆਂ ਨੇ ਸੀਵਰੇਜ ਸਿਸਟਮ ਦੀ ਖ਼ਰਾਬੀ ਤੇ ਪੀਣ ਵਾਲੇ ਪਾਣੀ ਦੀ ਗੰਦੇਗੀ ਵਜੋਂ ਧਰਨਾ ਦਿੱਤਾ ਸੀ, ਪਰ ਇਸ ਸਮੇਂ ਮੌਕੇ ਤੇ ਐਮਐਲਏ ਬਲਜਿੰਦਰ ਕੌਰ ਤਲਵੰਡੀ ਸਾਬੋ ਨਹੀਂ ਆਏ, ਜਿਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵਧ ਗਈ। ਵਿਜੈਪਾਲ ਨੇ ਕਿਹਾ ਕਿ ਲੋਕਾਂ ਨੂੰ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਊਣੀ ਪੈ ਰਹੀ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਤਲਵੰਡੀ ਸਾਬੋ ਰੋਡ ਤੇ ਸੀਵਰੇਜ ਪ੍ਰਣਾਲੀ ਦੀਆਂ ਵੱਡੀਆਂ ਪਾਈਪਾਂ ਟੁੱਟ ਗਈਆਂ ਹਨ, ਜਿਸ ਨਾਲ ਗੰਦਾ ਪਾਣੀ ਸੜਕਾਂ 'ਤੇ ਖੜਾ ਹੋ ਗਿਆ ਹੈ।ਇਸ ਨਾਲ ਕਿਸੇ ਵੀ ਸਮੇਂ ਬੜੇ ਹਾਦਸੇ ਦਾ ਖਤਰਾ ਮੌਜੂਦ ਹੈ, ਜਿਸ ਲਈ ਪ੍ਰਸ਼ਾਸਨ ਨੂੰ ਜਲਦੀ ਕਾਰਵਾਈ ਕਰਨ ਦੀ ਲੋੜ ਹੈ। ਵਿਜੈਪਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਫੌਰੀ ਤੌਰ 'ਤੇ ਹੱਲ ਕਰਨ ਦੀ ਲੋੜ ਹੈ, ਕਿਉਂਕਿ ਜੇ ਕਰ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਦਾ ਜਵਾਬਦਾਰ ਸਿਰਫ ਪ੍ਰਸ਼ਾਸਨ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋਕਾਂ ਦੀਆਂ ਅਵਾਜ਼ ਨੂੰ ਸੁਣਿਆ ਨਾ ਜਾਵੇ, ਤਾਂ ਇਹ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਮੁੱਦਿਆਂ ਨੂੰ ਜਲਦੀ ਸਲਝਾਉਣ ਤਾਂ ਜੋ ਰਾਮਾਂ ਮੰਡੀ ਦੇ ਵਾਸੀਆਂ ਨੂੰ ਆਰਾਮਦਾਇਕ ਅਤੇ ਸਿਹਤਮੰਦ ਜੀਵਨ ਜਿਊਣ ਦਾ ਮੌਕਾ ਮਿਲ ਸਕੇ।