ਮਨਰੇਗਾ ਵਰਕਰਾਂ ਦੇ ਹੱਕ ’ਚ ਆਈ ਕਾਂਗਰਸ ਪਾਰਟੀ
ਮਨਰੇਗਾ ਵਰਕਰਾਂ ਦੇ ਹੱਕਾਂ ਲਈ ਮੈਦਾਨ ਵਿੱਚ ਉਤਰੀ ਕਾਂਗਰਸ
Publish Date: Sat, 24 Jan 2026 06:59 PM (IST)
Updated Date: Sun, 25 Jan 2026 04:16 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਹਲਕਾ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਮਨਰੇਗਾ ਵਰਕਰਾਂ ਤੇ ਮਿਹਨਤੀ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਕਾਂਗਰਸ ਪਾਰਟੀ ਵੱਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਮਾਣਯੋਗ ਸ਼੍ਰੀ ਰਾਹੁਲ ਗਾਂਧੀ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਟੇਟ ਜਨਰਲ ਸੈਕਟਰੀ ਸੰਗਠਨ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਬਜਟ ਵਿੱਚ ਕੀਤੀ ਗਈ ਭਾਰੀ ਕਟੌਤੀ ਅਤੇ ਨਵੇਂ ਅੜਿੱਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮਨਰੇਗਾ ਗਰੀਬ ਅਤੇ ਮਜ਼ਦੂਰ ਵਰਗ ਲਈ ਰੋਜ਼ਗਾਰ ਦੀ ਸਭ ਤੋਂ ਵੱਡੀ ਗਾਰੰਟੀ ਹੈ, ਪਰ ਕੇਂਦਰ ਦੀਆਂ ਨੀਤੀਆਂ ਕਾਰਨ ਇਹ ਸਕੀਮ ਕਾਗਜ਼ੀ ਬਣ ਕੇ ਰਹਿ ਗਈ ਹੈ। ਭੁਗਤਾਨਾਂ ਵਿੱਚ ਦੇਰੀ, ਕੰਮ ਦੇ ਦਿਨ ਘਟਾਉਣਾ ਅਤੇ ਆਨਲਾਈਨ ਨਿਯਮਾਂ ਦੇ ਨਾਂ ‘ਤੇ ਰੁਕਾਵਟਾਂ ਪਾ ਕੇ ਗਰੀਬਾਂ ਦਾ ਚੁੱਲ੍ਹਾ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਮਨਰੇਗਾ ਵਰਕਰਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਮੋਰਚੇ ‘ਤੇ ਸੰਘਰਸ਼ ਕਰੇਗੀ ਅਤੇ ਲੋੜ ਪਈ ਤਾਂ ਸੜਕਾਂ ‘ਤੇ ਉਤਰ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਇਕਜੁੱਟ ਰਹਿਣ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ।