- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੀ ਫਾਈਨਾਂਸ ਐਂਡ ਕੰਟ੍ਰੈਕਟ ਕਮੇਟੀ ਵੱਲੋਂ ਕਰੋੜਾਂ ਰੁਪਏ ਦੇ ਲੰਬਿਤ ਵਿਕਾਸ ਕਾਰਜਾਂ ਨੂੰ ਮਨਜ਼ੂਰੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਗਰ ਨਿਗਮ ਬਠਿੰਡਾ ਦੀ ਫਾਇਨੈਂਸ ਐਂਡ ਕੰਟ੍ਰੈਕਟ ਕਮੇਟੀ (ਐਫ਼ਐਂਡਸੀਸੀ) ਦੀ ਪਿਛਲੀ ਮੀਟਿੰਗ ਦੌਰਾਨ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਲੰਬਿਤ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਪਹਿਲਾਂ ਕਮੇਟੀ ਦੀ ਮੀਟਿੰਗ 9 ਜਨਵਰੀ ਨੂੰ ਹੋਈ ਸੀ ਅਤੇ ਲਗਭਗ 15 ਦਿਨਾਂ ਬਾਅਦ ਦੂਜੀ ਮੀਟਿੰਗ ਕਰਕੇ ਪਹਿਲੀ ਮੀਟਿੰਗ ਵਿੱਚ ਪੈਂਡਿੰਗ ਰਹਿ ਗਏ ਟੈਂਡਰਾਂ ਅਤੇ ਕੰਮਾਂ ’ਤੇ ਮੁੜ ਵਿਚਾਰ ਕਰਦਿਆਂ ਉਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ। ਜਿਕਰਯੋਗ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਵਿੱਚ ਨਗਰ ਨਿਗਮ ਦੇ ਚੋਣਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਸੱਤਾ ਧਾਰੀ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਵਿੱਚ ਲੰਬਿਤ ਪਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਨ ’ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਚੋਣਾਂ ਦੌਰਾਨ ਵਿਕਾਸ ਦੇ ਮਸਲੇ ’ਤੇ ਵਿਰੋਧੀ ਧਿਰ ਨੂੰ ਕੋਈ ਮੌਕਾ ਨਾ ਮਿਲੇ। ਮੀਟਿੰਗ ਦੌਰਾਨ ਮਨਜ਼ੂਰ ਕੀਤੇ ਗਏ ਅਧਿਕਤਰ ਵਿਕਾਸ ਕਾਰਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੜਕਾਂ, ਗਲੀਆਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਨਾਲ ਹੀ ਪਾਰਕਾਂ ਦੀ ਮੁਰੰਮਤ ਨਾਲ ਸਬੰਧਤ ਹਨ। ਨਗਰ ਨਿਗਮ ਵੱਲੋਂ ਸਿਟੀ ਜੋਨ ਨੰਬਰ ਤਿੰਨ ਅਤੇ ਪੰਜ ਵਿੱਚ ਗਲੀਆਂ ਅਤੇ ਸੜਕਾਂ ਦੇ ਅਪਗ੍ਰੇਡੇਸ਼ਨ ਲਈ ਟੈਂਡਰ ਤੀਜੀ ਵਾਰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਦੋ ਵਾਰ ਕੋਈ ਵੀ ਠੇਕੇਦਾਰ ਟੈਂਡਰ ਭਰਨ ਲਈ ਤਿਆਰ ਨਹੀਂ ਹੋਇਆ ਸੀ। ਇਸ ਪ੍ਰੋਜੈਕਟ ’ਤੇ ਲਗਭਗ 5 ਕਰੋੜ 90 ਲੱਖ 97 ਹਜ਼ਾਰ ਰੁਪਏ ਦੀ ਲਾਗਤ ਆਉਣੀ ਹੈ। ਤੀਜੀ ਵਾਰ ਦੋ ਕੰਪਨੀਆਂ ਵੱਲੋਂ ਟੈਂਡਰ ਭਰੇ ਗਏ, ਜਿਨ੍ਹਾਂ ਵਿੱਚੋਂ 0.89 ਫੀਸਦੀ ਘੱਟ ਰੇਟ ਦੇ ਆਧਾਰ ’ਤੇ ਜੇਬੀ ਇੰਫਰਾਸਟਰਕਚਰ ਨੂੰ ਕੰਮ ਅਲਾਟ ਕੀਤਾ ਗਿਆ।
ਇਸੇ ਤਰ੍ਹਾਂ ਸਿਟੀ ਜੋਨ ਸੱਤ ਅਤੇ ਜੋਨ ਇਕ ਦੇ ਪਾਰਟ-ਵਨ ਵਿੱਚ 5 ਕਰੋੜ 90 ਲੱਖ ਰੁਪਏ ਦੇ ਕੰਮ ਲਈ ਫ੍ਰੀਡਲ ਕਨਸਟਰਕਸ਼ਨ ਨੂੰ ਠੇਕਾ ਦੇਣ ਤੋਂ ਪਹਿਲਾਂ ਉਸਦੇ ਰੇਟ ਘਟਾਉਣ ਲਈ ਕਿਹਾ ਗਿਆ ਹੈ। ਜੋਨ ਇਕ ਦੇ ਪਾਰਟ-ਟੂ ਵਿੱਚ 6 ਕਰੋੜ 2 ਲੱਖ 51 ਹਜ਼ਾਰ ਰੁਪਏ ਦੇ ਕੰਮ ਲਈ ਵੀ ਕੇਵਲ ਇਕ ਹੀ ਫਰਮ ਵੱਲੋਂ ਟੈਂਡਰ ਭਰਿਆ ਗਿਆ, ਜਿਸਨੂੰ ਰੇਟ ਘਟਾਉਣ ਲਈ ਕਮੇਟੀ ਨਾਲ ਮੀਟਿੰਗ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸੇ ਜ਼ੋਨ ’ਚ ਸੜਕਾਂ ਦੇ ਨਿਰਮਾਣ ਲਈ 5 ਕਰੋੜ 36 ਲੱਖ ਰੁਪਏ ਦੇ ਟੈਂਡਰ ਵਿੱਚ ਵੀ ਇਕ ਹੀ ਕੰਪਨੀ ਅੱਗੇ ਆਈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਹਿਲਾਂ ਕਰਵਾਏ ਗਏ ਸੜਕ ਨਿਰਮਾਣ ਕਾਰਜਾਂ ਦੌਰਾਨ ਕੁਝ ਥਾਵਾਂ ’ਤੇ ਗੁਣਵੱਤਾ ਨੂੰ ਲੈ ਕੇ ਸਵਾਲ ਉਠੇ ਸਨ, ਜਿਸ ’ਤੇ ਸਥਾਨਕ ਲੋਕਾਂ ਅਤੇ ਕੌਂਸਲਰਾਂ ਵੱਲੋਂ ਇਤਰਾਜ਼ ਵੀ ਦਰਜ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਜਾਂਚ ਕਮੇਟੀ ਬਣਾਕੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਕਰਵਾਈ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਬਾਹਰੀ ਜੋਨਾਂ ਵਿੱਚ ਸੜਕਾਂ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਗਏ, ਪਰ ਪਹਿਲੀਆਂ ਦੋ ਵਾਰਾਂ ਵਿੱਚ ਠੇਕੇਦਾਰਾਂ ਨੇ ਨਿਰਧਾਰਤ ਰੇਟਾਂ ’ਤੇ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਦਿਖਾਈ। ਇਸ ਕਾਰਨ ਹੁਣ ਇਕ ਜਾਂ ਦੋ ਕੰਪਨੀਆਂ ਹੀ ਟੈਂਡਰ ਭਰ ਰਹੀਆਂ ਹਨ, ਜਿਸ ਨਾਲ ਮੁਕਾਬਲੇ ਦੀ ਘਾਟ ਕਾਰਨ ਨਿਗਮ ਨੂੰ ਵੱਡਾ ਆਰਥਿਕ ਲਾਭ ਨਹੀਂ ਹੋ ਰਿਹਾ।
ਮੀਟਿੰਗ ਦੌਰਾਨ ਹੋਰ ਪ੍ਰਸਤਾਵਾਂ ਵਿੱਚ ਵਾਟਰ ਵਰਕਸ ਗ੍ਰੋਥ ਸੈਂਟਰ ਬਠਿੰਡਾ ਵਿੱਚ ਲੇਅਿੰਗ ਅਤੇ ਐਲੂਮਿਨੀਅਮ ਕੰਡਕਟਰ ਦੀ ਸਪਲਾਈ ਲਈ 3 ਲੱਖ 4 ਹਜ਼ਾਰ ਰੁਪਏ, ਸਿਟੀ ਦੇ ਰੇਨ ਵਾਟਰ ਪੰਪਿੰਗ ਸਟੇਸ਼ਨ ਦੀ ਮੁਰੰਮਤ ’ਤੇ 39 ਲੱਖ ਰੁਪਏ, ਨਗਰ ਨਿਗਮ ਅਧੀਨ ਆਉਂਦੇ ਬਿਜਲੀ ਦੇ ਖੰਭਿਆਂ ਦੀ ਮੁਰੰਮਤ ਲਈ 32 ਲੱਖ 24 ਹਜ਼ਾਰ ਰੁਪਏ ਅਤੇ ਵਾਟਰ ਸਟੋਰੇਜ ਡਿਸਪੋਜ਼ਲ ਟੈਂਕ ਦੀ ਮੁਰੰਮਤ ’ਤੇ 36.24 ਲੱਖ ਰੁਪਏ ਖਰਚ ਕਰਨ ਦੇ ਪ੍ਰਸਤਾਵ ਵੀ ਮਨਜ਼ੂਰ ਕੀਤੇ ਗਏ। ਨਿਗਮ ਵੱਲੋਂ 20 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ 13 ਵਾਹਨ ਜਿਨ੍ਹਾਂ ਵਿੱਚ ਟਰੈਕਟਰ, ਟਿੱਪਰ ਅਤੇ ਟਰਾਲੀਆਂ ਸ਼ਾਮਲ ਹਨ, ਕਿਰਾਏ ’ਤੇ ਲੈਣ ਦੇ ਮਤੇ ਨੂੰ ਵੀ ਮਨਜ਼ੂਰੀ ਦਿੱਤੀ ਗਈ। ਵਾਰਡ ਨੰਬਰ 14 ਵਿੱਚ ਸਥਿਤ ਪਾਰਕ ਨੰਬਰ ਦੋ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਟੈਂਡਰ ਵੀ ਤੀਜੀ ਵਾਰ ਐਫ਼ਐਂਡਸੀਸੀ ਅੱਗੇ ਰੱਖਿਆ ਗਿਆ, ਜਿਸ ’ਤੇ 26 ਲੱਖ 19 ਹਜ਼ਾਰ ਰੁਪਏ ਖਰਚ ਹੋਣਗੇ। ਮੀਟਿੰਗ ਵਿੱਚ ਫਿਲਹਾਲ ਸਾਰੇ ਟੈਂਡਰ ਜਾਰੀ ਕਰਨ ’ਤੇ ਸਹਿਮਤੀ ਬਣੀ ਹੈ।