15 ਘੰਟੇ ਬਿਜਲੀ ਠੱਪ ਰਹਿਣ ਨਾਲ ਪਿੰਡ ਵਾਸੀ ਪਰੇਸ਼ਾਨ
ਪਿੰਡਾਂ ਦੀ 15 ਘੰਟੇ ਬਿਜਲੀ ਸਪਲਾਈ ਰਹੀ ਠੱਪ, ਨਿਰਵਿਘਨ ਬਿਜਲੀ ਦੇ ਦਾਅਵਿਆਂ ਦੀ ਨਿਕਲੀ ਫੂਕ
Publish Date: Sat, 24 Jan 2026 05:08 PM (IST)
Updated Date: Sun, 25 Jan 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਿਜਲੀ ਵਿਭਾਗ ਦੁਆਰਾ ਸੰਗਤ ਮੰਡੀ ਦੇ ਬਿਜਲੀ ਘਰ ਤੋਂ ਵੱਖ-ਵੱਖ ਪਿੰਡਾਂ ਨੂੰ ਸਪਲਾਈ ਕੀਤੀ ਜਾਂਦੀ ਬਿਜਲੀ ਸਪਲਾਈ ਦੀ ਹਾਲਤ ਬੇਹੱਦ ਮਾੜੀ ਚੱਲ ਰਹੀ ਹੈ, ਜੋ ਪੰਜਾਬ ਸਰਕਾਰ ਦੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਰਹੀ ਹੈ। ਬੀਤੀ ਸ਼ਾਮ 7.30 ਵਜੇ ਦੇ ਕਰੀਬ ਹਲਕੇ ਮੀਂਹ ਪੈਣ ਤੋਂ ਬਾਅਦ ਅਚਾਨਕ ਬਿਜਲੀ ਸਪਲਾਈ ਠੱਪ ਹੋ ਗਈ, ਜੋ ਦੂਜੇ ਦਿਨ ਦੁਪਹਿਰ 12 ਵਜੇ ਦੇ ਕਰੀਬ ਚਾਲੂ ਕੀਤੀ ਤੇ 15 ਘੰਟੇ ਬਿਜਲੀ ਸਪਲਾਈ ਠੱਪ ਰਹਿਣ ਕਾਰਨ 5 ਪਿੰਡਾਂ ਦੇ ਲੋਕ ਵਿਭਾਗ ਦੀਆਂ ਨਾਕਾਮੀਆਂ ਕਾਰਨ ਹਨੇਰੇ ’ਚ ਬੈਠ ਕੇ ਸਰਕਾਰ ਨੂੰ ਕੋਸਦੇ ਰਹੇ। ਬਿਜਲੀ ਸਪਲਾਈ ਬੰਦ ਹੋਣ ਬਾਰੇ ਬਿਜਲੀ ਘਰ ਸੰਗਤ ਦੇ ਮੁਲਾਜ਼ਮਾਂ ਵੱਲੋਂ ਆਪਣੇ ਮੋਬਾਈਲ ਫੋਨ ਰਾਹੀਂ ਸੁਨੇਹਾ ਜਾਰੀ ਕੀਤਾ ਗਿਆ ਕਿ ਕੋਟਗੁਰੂ ਫੀਡਰ ’ਚ ਤਕਨੀਕੀ ਫਾਲਟ ਪੈਣ ਨਾਲ ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ ਅਤੇ ਇਸ ਨੂੰ ਚਾਲੂ ਕਰਵਾਉਣ ਲਈ ਸਬੰਧਤ ਵਿਭਾਗ ਦੇ ਲਾਇਨਮੈਨ ਜਾਂ ਸਹਾਇਕ ਇੰਜੀਨੀਅਰ ਨਾਲ ਸੰਪਰਕ ਕੀਤਾ ਜਾਵੇ। ਲੋਕ ਸਪਲਾਈ ਚਾਲੂ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਰੀ ਰਾਤ ਉਡੀਕਦੇ ਰਹੇ ਪਰ ਕੋਈ ਨਹੀਂ ਬਹੁੜਿਆ। ਸਵੇਰ ਸਮੇਂ ਡਿਊਟੀ ’ਤੇ ਆਏ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਦੁਪਹਿਰੇ 12 ਵਜੇ ਕੋਟਗੁਰੂ ਫੀਡਰ ਦੇ ਪਿੰਡਾਂ ਦੀ ਬੰਦ ਸਪਲਾਈ ਬਹਾਲ ਕੀਤੀ। ਪਿੰਡ ਕੋਟਗੁਰੂ ਦੇ ਕਿਸਾਨ ਆਗੂ ਰਾਮ ਸਿੰਘ, ਜਸਕਰਨ ਸਿੰਘ ਗੋਰਾ ਤੇ ਸਾਬਕਾ ਪੰਚ ਅੰਗਰੇਜ਼ ਸਿੰਘ ਵਿੱਕੀ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਪਏ ਹਲਕੇ ਮੀਂਹ ਤੋਂ ਬਾਅਦ ਸੰਗਤ ਦੇ ਬਿਜਲੀ ਘਰ ਤੋਂ ਪਿੰਡ ਕੋਟਗੁਰੂ, ਮੁਹਾਲਾਂ, ਬਾਂਡੀ, ਧੁਨੀ ਕੇ, ਫੁੱਲੋ ਮਿੱਠੀ, ਬਿਜਲੀ ਸਪਲਾਈ ਠੱਪ ਹੋ ਗਈ, ਜਿਹੜੀ ਕਿ ਦੂਸਰੇ ਦਿਨ 15 ਘੰਟੇ ਬਾਅਦ ਚਾਲੂ ਕੀਤੀ ਗਈ। ਸੰਗਤ ਬਿਜਲੀ ਘਰ ਤੋਂ ਬਿਜਲੀ ਸਪਲਾਈ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਹਰ ਰੋਜ਼ ਫਾਲਟ ਪੈਣ ਨਾਲ ਕਈ ਕਈ ਘੰਟੇ ਸਪਲਾਈ ਬੰਦ ਰਹਿਣਾ ਆਮ ਜਿਹੀ ਗੱਲ ਬਣ ਗਈ ਹੈ। ਪਾਵਰਕਾਮ ਕੋਲ ਮੁਲਾਜ਼ਮਾਂ ਦੀ ਘਾਟ ਹੈ, ਜਾਂ ਫਿਰ ਉਹ ਸੌਂਣ ਲਈ ਹੀ ਡਿਊਟੀ ਤੇ ਆਉਂਦੇ ਹਨ ਇਹ ਤਾਂ ਵਿਭਾਗ ਹੀ ਦੱਸ ਸਕਦਾ ਹੈ। ਇਸ ਬਾਰੇ ਸਬ-ਡਿਵੀਜਨ ਸੰਗਤ ਦੇ ਐੱਸਡੀਓ ਕੇਵਲ ਕੁਮਾਰ ਸੇਠੀ ਨੇ ਦੱਸਿਆ ਕਿ ਰਾਤ ਸਮੇਂ ਠੱਪ ਹੋਈ ਬਿਜਲੀ ਸਪਲਾਈ ’ਚ ਮੀਂਹ ਪੈਣ ਤੋਂ ਬਾਅਦ ਕੋਈ ਤਕਨੀਕੀ ਨੁਕਸ ਪਿਆ ਹੈ, ਜਿਸ ਨੂੰ ਜਲਦੀ ਠੀਕ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।