ਸੜਕ ਹਾਦਸੇ ’ਚ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਦੋ ਮੋਟਰਸਾਈਕਲਾਂ ਦੀ ਟੱਕਰ, ਦੋ ਗੰਭੀਰ ਜ਼ਖ਼ਮੀ, ਇਕ ਦੀ ਮੌਤ
Publish Date: Sat, 24 Jan 2026 04:56 PM (IST)
Updated Date: Sun, 25 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ–ਗੋਨਿਆਣਾ ਰੋਡ ’ਤੇ ਪਿੰਡ ਭੋਖੜਾ ਨੇੜੇ ਦੋ ਮੋਟਰਸਾਈਕਲਾਂ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਤਿੰਨ ਮੋਟਰਸਾਈਕਲ ਸਵਾਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਦਕਿ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗਿੱਲ ਤੇ ਰਾਜਿੰਦਰ ਕੁਮਾਰ ਤੁਰੰਤ ਮੌਕੇ ’ਤੇ ਪਹੁੰਚੇ। ਸਹਾਰਾ ਟੀਮ ਵੱਲੋਂ ਜ਼ਖ਼ਮੀ ਮੋਟਰਸਾਈਕਲ ਸਵਾਰਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭੇਜਿਆ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਕਾਫ਼ੀ ਸਮੇਂ ਬਾਅਦ ਮ੍ਰਿਤਕ ਦੀ ਸ਼ਿਨਾਖ਼ਤ ਕਰਵਾਈ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਕਾਲੀ ਪੁੱਤਰ ਕੇਵਲ ਸਿੰਘ, ਉਮਰ ਲਗਭਗ 23 ਸਾਲ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ ਵਜੋਂ ਹੋਈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਥਾਨਕ ਬੀਬੀਵਾਲਾ ਚੌਕ ’ਚ ਇਕ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਸਹਾਰਾ ਦਫ਼ਤਰ ਨੂੰ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ ਤੁਰੰਤ ਮੌਕੇ ’ਤੇ ਪਹੁੰਚੇ। ਸਹਾਰਾ ਟੀਮ ਵੱਲੋਂ ਜ਼ਖ਼ਮੀ ਮੋਟਰਸਾਈਕਲ ਸਵਾਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ। ਜ਼ਖ਼ਮੀ ਦੀ ਸ਼ਨਾਖ਼ਤ ਗੌਰਵਕੀਲ ਸਿੰਘ ਉਮਰ ਲਗਭਗ 40 ਸਾਲ ਵਾਸੀ ਕੋਟਸ਼ਮੀਰ ਵਜੋਂ ਹੋਈ। ਡਾਕਟਰਾਂ ਵੱਲੋਂ ਜ਼ਖ਼ਮੀ ਦਾ ਇਲਾਜ ਜਾਰੀ ਹੈ।