ਸੀਵਰੇਜ ਸਿਸਟਮ ਖਰਾਬ ਹੋਣ ਤੋਂ ਲੋਕ ਪਰੇਸ਼ਾਨ
ਰਾਮਾਂ ਮੰਡੀ ਵਿਚ ਸੀਵਰੇਜ ਸਿਸਟਮ ਖਰਾਬ, ਗੰਦਾ ਪਾਣੀ ਸੜਕਾਂ ’ਤੇ ਆਇਆ
Publish Date: Fri, 23 Jan 2026 07:12 PM (IST)
Updated Date: Sat, 24 Jan 2026 04:13 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਰਾਮਾਂ ਮੰਡੀ ਵਿੱਚ ਸੀਵਰੇਜ ਪ੍ਰਣਾਲੀ ਦੀ ਖ਼ਰਾਬੀ ਅਤੇ ਗੰਦੇ ਪਾਣੀ ਦੇ ਖੜੇ ਹੋਣ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ, ਉੇਥੇ ਹੀ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਸਾਬਕਾ ਕੌਂਸਲਰ ਵਿਜੈਪਾਲ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ, ਅਤੇ ਨਾ ਹੀ ਸਥਾਨਕ ਐਮਸੀ ਜਾਂ ਐੱਮਐੱਲਏ ਬਲਜਿੰਦਰ ਕੌਰ ਤਲਵੰਡੀ ਸਾਬੋ ਇਸ ਪਾਸੇ ਧਿਆਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਮਹੀਨੇ ਪਹਿਲਾਂ ਮੰਡੀ ਵਾਸੀਆਂ ਨੇ ਸੀਵਰੇਜ ਸਿਸਟਮ ਦੀ ਖ਼ਰਾਬੀ ਤੇ ਪੀਣਯੋਗ ਪਾਣੀ ਦੀ ਗੰਦਗੀ ਵਜੋਂ ਧਰਨਾ ਦਿੱਤਾ ਸੀ, ਪਰ ਇਸ ਸਮੇਂ ਮੌਕੇ ਤੇ ਐੱਮਐੱਲਏ ਬਲਜਿੰਦਰ ਕੌਰ ਤਲਵੰਡੀ ਸਾਬੋ ਨਹੀਂ ਆਏ, ਜਿਸ ਕਾਰਨ ਲੋਕਾਂ ’ਚ ਨਾਰਾਜ਼ਗੀ ਵਧ ਗਈ। ਵਿਜੈਪਾਲ ਨੇ ਕਿਹਾ ਕਿ ਲੋਕਾਂ ਨੂੰ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਊਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਰੋਡ ’ਤੇ ਸੀਵਰੇਜ ਪ੍ਰਣਾਲੀ ਦੀਆਂ ਵੱਡੀਆਂ ਪਾਈਪਾਂ ਟੁੱਟ ਗਈਆਂ ਹਨ, ਜਿਸ ਨਾਲ ਗੰਦਾ ਪਾਣੀ ਸੜਕਾਂ 'ਤੇ ਭਰ ਗਿਆ ਹੈ। ਇਸ ਨਾਲ ਕਿਸੇ ਵੀ ਸਮੇਂ ਬੜੇ ਹਾਦਸੇ ਦਾ ਖਤਰਾ ਮੌਜੂਦ ਹੈ, ਜਿਸ ਲਈ ਪ੍ਰਸ਼ਾਸਨ ਨੂੰ ਜਲਦੀ ਕਾਰਵਾਈ ਕਰਨ ਦੀ ਲੋੜ ਹੈ। ਵਿਜੈਪਾਲ ਅਨੁਸਾਰ ਇਨ੍ਹਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਫੌਰੀ ਤੌਰ 'ਤੇ ਹੱਲ ਕਰਨ ਦੀ ਲੋੜ ਹੈ, ਕਿਉਂਕਿ ਜੇ ਕਰ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਦਾ ਜਵਾਬਦਾਰ ਸਿਰਫ ਪ੍ਰਸ਼ਾਸਨ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋਕਾਂ ਦੀਆਂ ਆਵਾਜ਼ ਨੂੰ ਸੁਣਿਆ ਨਾ ਜਾਵੇ, ਤਾਂ ਇਹ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ।