- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਨੂੰ ਜ਼ਿਲ੍ਹੇ ਭਰ ’ਚ ਟਰੈਕਟਰ ਮਾਰਚ

-ਵਿਉਂਤਬੰਦੀ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਪੱਤਰਕਾਰਾਂ ਦੇ 24 ਨੂੰ ਰੋਸ ਮੁਜ਼ਾਹਰੇ ’ਚ ਪੁੱਜਣ ਦਾ ਐਲਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਦੇਸ਼ ਭਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਦੇ ਖ਼ਿਲਾਫ਼ ਜਨਤਕ ਮਾਰਚ ਕੀਤੇ ਜਾਣਗੇ। ਇਸੇ ਕੜੀ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਸਮੇਤ ਜ਼ਿਲ੍ਹਾ ਬਠਿੰਡਾ ਵਿਚ ਵੀ ਵੱਡੇ ਪੱਧਰ ’ਤੇ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਸਬੰਧੀ ਟੀਚਰ ਹੋਮ ਬਠਿੰਡਾ ਵਿਖੇ ਕਿਸਾਨ ਜਥੇਬੰਦੀਆਂ ਦੀ ਇਕ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਟਰੈਕਟਰ ਮਾਰਚ ਦੀ ਪੂਰੀ ਵਿਉਂਤਬੰਦੀ ਕੀਤੀ ਗਈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਬਠਿੰਡਾ ਸ਼ਹਿਰ ਤੋਂ ਇਲਾਵਾ ਬਲਾਕ ਰਾਮਪੁਰਾ ਫੂਲ, ਨਥਾਣਾ, ਗੋਨਿਆਣਾ, ਬਠਿੰਡਾ, ਸੰਗਤ, ਮੌੜ ਮੰਡੀ ਅਤੇ ਤਲਵੰਡੀ ਸਾਬੋ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਇਨ੍ਹਾਂ ਮਾਰਚਾਂ ਵਿਚ ਸੈਂਕੜੇ ਟਰੈਕਟਰਾਂ ਅਤੇ ਵਾਹਨਾਂ ’ਚ ਸਵਾਰ ਹੋ ਕੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਕਜੁੱਟ ਹੋ ਕੇ ਸੜਕਾਂ ’ਤੇ ਉਤਰਨਗੇ।
ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਟਰੈਕਟਰ ਮਾਰਚ ਦੌਰਾਨ ਬਿਜਲੀ ਸੋਧ ਬਿੱਲ, ਬੀਜ ਬਿੱਲ, ਬੀਵੀਜੀ ਰਾਮ ਜੀ ਕਾਨੂੰਨ ਅਤੇ ਚਾਰ ਲੇਬਰ ਕੋਡ ਰੱਦ ਕਰਨ ਦੀ ਮੰਗ ਉਠਾਈ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮਾਫ਼ ਕਰਨ, 60 ਸਾਲ ਦੀ ਉਮਰ ਪੂਰੀ ਕਰਨ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ, ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ, ਮੁਕਤ ਵਪਾਰ ਸਮਝੌਤਿਆਂ ’ਚੋਂ ਖੇਤੀ, ਪੋਲਟਰੀ ਅਤੇ ਡੇਅਰੀ ਖੇਤਰ ਨੂੰ ਬਾਹਰ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਦੇ ਫ਼ੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ।
ਪ੍ਰੈੱਸ ਦੀ ਆਜ਼ਾਦੀ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ 24 ਜਨਵਰੀ ਨੂੰ ਪੱਤਰਕਾਰਾਂ ਵੱਲੋਂ ਕੀਤੇ ਜਾ ਰਹੇ ਬਠਿੰਡਾ ’ਚ ਰੋਸ ਮੁਜ਼ਾਹਰੇ ’ਚ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਸ਼ਾਮਲ ਹੋਵੇਗਾ। ਮੀਟਿੰਗ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਸੂਬਾ ਆਗੂ ਗੁਰਦੀਪ ਸਿੰਘ ਰਾਮਪੁਰਾ ਅਤੇ ਹਰਵਿੰਦਰ ਸਿੰਘ ਕੋਟਲੀ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ, ਬੀਕੇਯੂ ਉਗਰਾਹਾਂ ਦੇ ਜਗਸੀਰ ਸਿੰਘ ਝੁੰਬਾ ਅਤੇ ਨੱਛਤਰ ਸਿੰਘ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਬਲਦੇਵ ਸਿੰਘ ਭਾਈਰੂਪਾ ਅਤੇ ਪਰੇਜ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਅਤੇ ਜਗਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਪੂਹਲੀ, ਬੀਕੇਯੂ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ ਅਤੇ ਬੀਕੇਯੂ ਮਾਲਵਾ ਦੇ ਜਗਜੀਤ ਸਿੰਘ ਕੋਟਸ਼ਮੀਰ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।