- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਈਨਾ ਡੋਰ ’ਤੇ ਪਾਬੰਦੀ: ਲੋਕਾਂ ਦੀ ਜਾਨ ਅਤੇ ਪੰਛੀਆਂ ਦੀ ਸੁਰੱਖਿਆ ਲਈ ਜ਼ਰੂਰੀ

-ਵਿਚਾਰ ਚਰਚਾ; ਸਕੂਲ ਦੇ ਵਿਦਆਰਥੀਆਂ ਨੇ ਆਪੋ-ਆਪਣੇ ਵਿਚਾਰ ਪਾਠਕਾਂ ਸਾਹਮਣੇ ਕੀਤੇ ਪੇਸ਼
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸ਼ਹਿਰਾਂ ਤੇ ਪਿੰਡਾਂ ’ਚ ਪਤੰਗਬਾਜ਼ੀ ਦੇ ਸ਼ੌਕ ਨਾਲ ਜੁੜੀ ਚਾਈਨਾ ਡੋਰ ਅੱਜ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਜਾਨਲੇਵਾ ਡੋਰ ਗੁਪਤ ਢੰਗ ਨਾਲ ਵੇਚੀ ਤੇ ਵਰਤੀ ਜਾ ਰਹੀ ਹੈ, ਜਿਸ ਕਾਰਨ ਹੁਣ ਤਕ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ ਪ੍ਰੰਤੂ ਇਹ ਡੋਰ ਨੌਜਵਾਨਾਂ ਤੇ ਬੱਚਿਆਂ ਵੱਲੋਂ ਬਹੁਤ ਜਿਆਦਾ ਪਸੰਦ ਕੀਤੀ ਜਾਂਦੀ ਹੈ। ਇਹ ਡੋਰ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਸਗੋਂ ਬੇਜ਼ਬਾਨ ਪੰਛੀਆਂ ਲਈ ਵੀ ਵੱਡਾ ਖਤਰਾ ਸਾਬਤ ਹੋ ਰਹੀ ਹੈ। ਚਾਈਨਾ ਡੋਰ ਨਾਇਲੋਨ ਤੇ ਧਾਤੂ ਤੱਤਾਂ ਨਾਲ ਤਿਆਰ ਕੀਤੀ ਜਾਂਦੀ ਹੈ, ਜੋ ਆਮ ਸੂਤੀ ਡੋਰ ਦੇ ਮੁਕਾਬਲੇ ਕਈ ਗੁਣਾ ਤੇਜ਼ ਤੇ ਮਜ਼ਬੂਤ ਹੁੰਦੀ ਹੈ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਵੱਖ-ਵੱਖ ਵਿਚਾਰ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ।
-ਬਾਕਸ-
-ਚਾਈਨਾ ਡੋਰ ਇਕ ਸਮਾਜਿਕ ਚਿੰਤਾ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਚਾਈਨਾ ਡੋਰ ਕੱਚ ਅਤੇ ਰਸਾਇਣਕ ਪਦਾਰਥਾਂ ਨਾਲ ਬਣੀ ਹੁੰਦੀ ਹੈ, ਜਿਸ ਕਾਰਨ ਇਹ ਬਹੁਤ ਤੇਜ਼ ਹੁੰਦੀ ਹੈ। ਇਸ ਨਾਲ ਗਲਾ ਜਾਂ ਹੱਥ ਕੱਟਣ ਕਾਰਨ ਮਨੁੱਖਾਂ, ਖ਼ਾਸ ਕਰਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੀ ਮੌਤ ਤਕ ਹੋ ਸਕਦੀ ਹੈ। ਹਰ ਸਾਲ ਹਜ਼ਾਰਾਂ ਬੇਗੁਨਾਹ ਪੰਛੀ ਇਸ ਡੋਰ ਵਿਚ ਫਸ ਕੇ ਆਪਣੀਆਂ ਜਾਨਾਂ ਗੁਆ ਲੈਂਦੇ ਹਨ ਜਾਂ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ। ਨਾ-ਗਲਣਯੋਗ ਇਹ ਡੋਰ ਪਲਾਸਟਿਕ/ਨਾਇਲੋਨ ਦੀ ਬਣੀ ਹੁੰਦੀ ਹੈ। ਇਹ ਵਾਤਾਵਰਨ ’ਚ ਸਾਲਾਂ ਤਕ ਪਈ ਰਹਿੰਦੀ ਹੈ ਤੇ ਸੀਵਰੇਜ ਜਾਮ ਕਰਨ ਜਾਂ ਜਾਨਵਰਾਂ ਦੇ ਪੇਟ ’ਚ ਜਾਣ ਦਾ ਕਾਰਨ ਬਣਦੀ ਹੈ। ਇਹ ਡੋਰ ਬਿਜਲੀ ਦੀ ਸੰਚਾਲਕ ਹੋ ਸਕਦੀ ਹੈ, ਜਿਸ ਕਾਰਨ ਖੰਭਿਆਂ ਜਾਂ ਤਾਰਾਂ ਵਿਚ ਫਸਣ 'ਤੇ ਕਰੰਟ ਲੱਗਣ ਦਾ ਡਰ ਰਹਿੰਦਾ ਹੈ। ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
-ਬਾਕਸ-
-ਚਾਈਨਾ ਡੋਰ ਇਕ ਗੰਭੀਰ ਖ਼ਤਰਾ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਪਰਮਜੀਤ ਸਿੰਘ ਜਮਾਤ ਦਸਵੀਂ ਲੋਟਸ ਨੇ ਕਿਹਾ ਕਿ ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰਾਂ ਦੇ ਨੇੜੇ-ਤੇੜੇ ਪੰਜਾਬ ਵਿਚ ਵੱਡੇ ਪੱਧਰ ’ਤੇ ਪਤੰਗਬਾਜ਼ੀ ਹੁੰਦੀ ਹੈ। ਕੁਝ ਸਾਲਾਂ ਤੋਂ ਤਾਂ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ ਜੋ ਬਹੁਤ ਹੀ ਖ਼ਤਰਨਾਕ ਸਾਬਤ ਹੁੰਦੀ ਹੈ। ਬਸੰਤ ਪੰਚਮੀ ਲਾਗੇ ਤਾਂ ਚਾਈਨਾ ਡੋਰ ਨਾਲ ਸਬੰਧਤ ਕਈ ਹਾਦਸੇ ਸਾਹਮਣੇ ਆਉਂਦੇ ਹਨ, ਜਿਸ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ। ਇਸ ਖ਼ੂਨੀ ਡੋਰ ਦੇ ਬਿਜਲੀ ਦੇ ਸੰਪਰਕ ਵਿਚ ਆਉਣ ਕਾਰਨ ਕਰੰਟ ਆ ਜਾਂਦਾ ਹੈ। ਬੀਤੇ ਸਮੇਂ ਵਿਚ ਕਈ ਬੱਚਿਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ’ਚ ਪੰਛੀਆਂ ਦੇ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇਸ ਡੋਰ 'ਤੇ ਸਰਕਾਰ ਨੇ ਬੇਸ਼ੱਕ ਪਾਬੰਦੀ ਲਗਾਈ ਹੈ ਪਰ ਕੁਝ ਦੁਕਾਨਦਾਰ ਆਪਣੇ ਮੁਨਾਫ਼ੇੇ ਨੂੰ ਮੁੱਖ ਰੱਖ ਕੇ ਇਸ ਡੋਰ ਦੀ ਵਿਕਰੀ ਧੜੱਲੇ ਨਾਲ ਕਰਦੇ ਹਨ। ਇਨਵਾਇਰਨਮੈਂਟ (ਪ੍ਰੋਟੈਕਸ਼ਨ) ਐਕਟ, 1986 ਦੀ ਧਾਰਾ 5 ਅਧੀਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ’ਤੇ 5 ਸਾਲ ਤਕ ਦੀ ਸਜ਼ਾ ਅਤੇ ਇਕ ਲੱਖ ਰੁਪਏ ਤਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
-ਬਾਕਸ-
-ਸਰਕਾਰ ਵੱਲੋਂ ਇਸ ਦੇ ਇਸਤੇਮਾਲ ‘ਤੇ ਲਗਾਈ ਜਾਵੇ ਪਾਬੰਦੀ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥਣ ਪਵਨਪ੍ਰੀਤ ਕੌਰ ਜਮਾਤ ਗਿਆਰ੍ਹਵੀਂ ਨੇ ਦੱਸਿਆ ਕਿ ਚਾਈਨਾ ਡੋਰ ਇਕ ਬਹੁਤ ਹੀ ਖਤਰਨਾਕ ਧਾਗਾ ਹੈ। ਇਹ ਧਾਗਾ ਨਾਇਲੋਨ ਜਾਂ ਪਲਾਸਟਿਕ ਨਾਲ ਬਣਿਆ ਹੁੰਦਾ ਹੈ ਤੇ ਇਸ ਉੱਤੇ ਕੱਚ ਜਾਂ ਧਾਤੂ ਦਾ ਪਾਊਡਰ ਲਾਇਆ ਜਾਂਦਾ ਹੈ, ਜਿਸ ਨਾਲ ਇਹ ਬਹੁਤ ਤਿੱਖਾ ਤੇ ਮਜ਼ਬੂਤ ਹੋ ਜਾਂਦਾ ਹੈ। ਇਹ ਤਿੱਖਾਪਨ ਹੀ ਇਸਨੂੰ ਘਾਤਕ ਬਣਾਉਂਦਾ ਹੈ। ਚਾਈਨਾ ਡੋਰ ਨਾਲ ਹਰ ਸਾਲ ਕਈ ਲੋਕ ਤੇ ਬੇਗੁਨਾਹ ਪੰਛੀ ਜ਼ਖ਼ਮੀ ਹੋ ਜਾਂਦੇ ਹਨ। ਕਈ ਵਾਰ ਇਹ ਧਾਗਾ ਦੋ-ਪਹੀਆ ਸਵਾਰਾਂ ਦੀ ਗਰਦਨ ‘ਤੇ ਲਿਪਟ ਜਾਂਦਾ ਹੈ, ਜਿਸ ਨਾਲ ਗੰਭੀਰ ਚੋਟਾਂ ਜਾਂ ਮੌਤ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਬਿਜਲੀ ਦੀਆਂ ਤਾਰਾਂ ਵਿਚ ਫਸ ਕੇ ਸ਼ਾਰਟ ਸਰਕਟ ਅਤੇ ਅੱਗ ਲੱਗਣ ਦੇ ਹਾਦਸੇ ਵੀ ਕਰ ਦਿੰਦਾ ਹੈ। ਇਸ ਕਾਰਨ ਕਈ ਸ਼ਹਿਰਾਂ ਵਿਚ ਸਰਕਾਰ ਵੱਲੋਂ ਇਸ ਦੇ ਇਸਤੇਮਾਲ ‘ਤੇ ਪਾਬੰਦੀ ਲਗਾਈ ਗਈ ਹੈ। ਪਰ ਦੁੱਖ ਦੀ ਗੱਲ ਹੈ ਕਿ ਅਜੇ ਵੀ ਕੁਝ ਲੋਕ ਮਨੋਰੰਜਨ ਲਈ ਇਸ ਨੂੰ ਵਰਤਦੇ ਹਨ, ਬਿਨਾਂ ਇਸ ਦੇ ਨੁਕਸਾਨਾਂ ਬਾਰੇ ਸੋਚੇ। ਸਾਨੂੰ ਸਮਝਦਾਰ ਨਾਗਰਿਕ ਵਜੋਂ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ।
-ਬਾਕਸ-
-ਚਾਈਨਾ ਡੋਰ ਮਨੁੱਖ ਤੇ ਪੰਛੀਆਂ ਲਈ ਨੁਕਸਾਨਦਾਇਕ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਸਹਿਜਪ੍ਰੀਤ ਕੌਰ ਜਮਾਤ ਨੌਵੀਂ ਲਿਲੀ ਨੇ ਦੱਸਿਆ ਕਿ ਚਾਈਨਾ ਡੋਰ ਇਕ ਬਹੁਤ ਹੀ ਖ਼ਤਰਨਾਕ ਡੋਰ ਹੈ। ਇਸਦੇ ਬਹੁਤ ਹੀ ਨੁਕਸਾਨ ਹਨ। ਇਹ ਪੰਛੀਆਂ ਅਤੇ ਮਨੁੱਖਾਂ ਲਈ ਹਾਨੀਕਾਰਕ ਹੁੰਦੀ ਹੈ। ਇਹ ਡੋਰ ਕੱਚ ਦੇ ਨਾਲ਼ ਹੋਰ ਵੀ ਖਤਰਨਾਕ ਬਣ ਜਾਂਦੀ ਹੈ। ਚਾਈਨਾ ਡੋਰ ਬਹੁਤ ਮਜ਼ਬੂਤ ਹੁੰਦੀ ਹੈ ਤੇ ਇਹ ਆਸਾਨੀ ਨਾਲ ਨਹੀਂ ਟੁੱਟਦੀ। ਇਹ ਮਨੁੱਖੀ ਜ਼ਿੰਦਗੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਕੇ ਆਉਂਦੀ ਹੈ ਜਿਵੇਂ ਕਿ ਵਾਹਨ ਚਾਲਕਾਂ ਦੀ ਧੌਣ ਜਾਂ ਹੋਰ ਅੰਗਾਂ ਦੀ ਕਟਾਈ ਹੋ ਜਾਂਦੀ ਹੈ। ਇਥੋਂ ਤਕ ਕਿ ਜਿਹੜੇ ਬੱਚੇ ਇਸ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਹੱਥਾਂ ਦੀ ਵੀ ਕਟਾਈ ਹੋ ਜਾਂਦੀ ਹੈ। ਪੰਛੀ ਇਸ ਵਿਚ ਉਲਝ ਕੇ ਤੜਫ-ਤੜਫ ਕੇ ਮਰ ਜਾਂਦੇ ਹਨ। ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਵੀ ਨਾ ਤਾਂ ਦੁਕਾਨਦਾਰ ਇਸਨੂੰ ਵੇਚਣਾ ਬੰਦ ਨਹੀ ਕਰ ਰਹੇ ਹਨ ਤੇ ਨਾ ਹੀ ਬੱਚੇ ਇਸ ਨੂੰ ਖਰੀਦਣਾ ਬੰਦ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਹੀ ਚਾਈਨਾ ਡੋਰ ਦੀ ਵਰਤੋਂ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨਾਲ ਹੋ ਰਹੀਆਂ ਅਣਸੁਖਾਵੀ ਘਟਨਾਵਾਂ ਤੋਂ ਬਚਾਅ ਹੋ ਸਕੇ।
-ਬਾਕਸ-
-ਚਾਈਨਾ ਡੋਰ ਬੱਚਿਆਂ ਅਤੇ ਨੌਜਵਾਨਾਂ ਦੀ ਪਸੰਦ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਜਸ਼ਨਵੀਰ ਕੌਰ, ਜਮਾਤ ਦਸਵੀਂ ਲਿਲੀ ਨੇ ਦੱਸਿਆ ਕਿ ਸਾਡੇ ਮੁਲਕ ’ਚ ਚਾਈਨਾ ਡੋਰ ਬਹੁਤ ਪ੍ਰਚਲਿਤ ਹੈ। ਅੱਜ-ਕੱਲ੍ਹ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤਕ ਇਸ ਡੋਰ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਜਾਣਦੇ ਹੋਏ ਵੀ ਕਿ ਇਹ ਡੋਰ ਕਿੰਨੀ ਖ਼ਤਰਨਾਕ ਹੈ ਫਿਰ ਵੀ ਲੋਕ ਇਸ ਦੀ ਵਰਤੋਂ ਕਰਦੇ ਹਨ। ਇਸ ਡੋਰ ’ਚ ਕੱਚ ਦੀ ਵਰਤੋਂ ਕਰਕੇ ਇਸਨੂੰ ਮਜ਼ਬੂਤ ਬਣਾਇਆ ਜਾਂਦਾ ਹੈ। ਇਸ ਡੋਰ ਕਰਕੇ ਅਸਮਾਨ ਵਿਚ ਉੱਡ ਰਹੇ ਪੰਛੀਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਕਈ ਵਾਰ ਇਸ ਡੋਰ ਨਾਲ ਸੜਕ 'ਤੇ ਜਾ ਰਹੇ ਲੋਕਾਂ ਦਾ ਸਰੀਰਕ ਤੌਰ ’ਤੇ ਬਹੁਤ ਨੁਕਸਾਨ ਹੁੰਦਾ ਹੈ। ਸਰਕਾਰ ਵੱਲੋਂ ਇਸ ਡੋਰ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਇਹ ਬਹੁਤ ਜ਼ਿਆਦਾ ਵਿਕ ਰਹੀ ਹੈ ਅਤੇ ਬੱਚੇ ਵੀ ਇਸ ਨੂੰ ਖਰੀਦਣਾ ਬੰਦ ਨਹੀਂ ਕਰ ਰਹੇ। ਸਾਨੂੰ ਹਮੇਸ਼ਾ ਚਾਈਨਾ ਡੋਰ ਦੀ ਥਾਂ ਕੱਚੇ ਧਾਗੇ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਪਤੰਗਾਂ ਦਾ ਤਿਉਹਾਰ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਨਾ ਕਿ ਕਿਸੇ ਦੀ ਮੌਤ।