ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਬਾਈਕ ਸਵਾਰ ਕੁੜੀ ਜ਼ਖ਼ਮੀ
ਚਾਈਨਾ ਡੋਰ ਦੀ ਚਪੇਟ ’ਚ ਆਉਣ ਨਾਲ ਬਾਈਕ ਸਵਾਰ ਕੁੜੀ ਗੰਭੀਰ ਜ਼ਖ਼ਮੀ
Publish Date: Thu, 22 Jan 2026 06:11 PM (IST)
Updated Date: Thu, 22 Jan 2026 06:12 PM (IST)

- ਚਾਈਨਾ ਡੋਰ ਦੀ ਲਪੇਟ ’ਚ ਆਈ ਕੁੜੀ ਦੇ ਚਿਹਰੇ ’ਤੇ ਹੋਇਆ ਡੂੰਘਾ ਜ਼ਖ਼ਮ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੇ ਮਲੋਟ ਰੋਡ ’ਤੇ ਸਥਿਤ ਥਰਮਲ ਓਵਰਬ੍ਰਿਜ ’ਤੇ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਇੱਕ ਬਾਈਕ ਸਵਾਰ ਕੁੜੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁੜੀ ਆਪਣੀ ਬਾਈਕ ’ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਹੀ ਸੀ। ਅਚਾਨਕ ਸੜਕ ’ਤੇ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਸ ਦੇ ਚਿਹਰੇ ’ਤੇ ਡੂੰਘਾ ਜ਼ਖ਼ਮ ਹੋ ਗਿਆ। ਡੋਰ ਕਾਰਨ ਉਹ ਬਾਈਕ ’ਤੇ ਸੰਤੁਲਨ ਗਵਾ ਬੈਠੀ ਅਤੇ ਜ਼ਖ਼ਮੀ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ। ਵਲੰਟੀਅਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਕੁੜੀ ਨੂੰ ਪਹਿਲੀ ਸਹਾਇਤਾ ਦਿੱਤੀ ਅਤੇ ਤੁਰੰਤ ਸਿਵਲ ਹਸਪਤਾਲ ਬਠਿੰਡਾ ਭੇਜਿਆ। ਡਾਕਟਰਾਂ ਦੇ ਅਨੁਸਾਰ ਚਾਈਨਾ ਡੋਰ ਨਾਲ ਕੁੜੀ ਦੇ ਨੱਕ, ਅੱਖ ਅਤੇ ਚਿਹਰੇ ’ਤੇ ਗੰਭੀਰ ਜ਼ਖ਼ਮ ਹੋਏ ਹਨ। ਫਿਲਹਾਲ ਉਸ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਜ਼ਖ਼ਮੀ ਕੁੜੀ ਦੀ ਪਛਾਣ ਗੁਰਪ੍ਰੀਤ ਕੌਰ (24) ਵਾਸੀ ਪਿੰਡ ਦੋਦਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਚਾਈਨਾ ਡੋਰ ਦੇ ਉਪਯੋਗ ਨੂੰ ਲੈ ਕੇ ਕਾਫੀ ਰੋਸ਼ ਵੇਖਣ ਨੂੰ ਮਿਲਿਆ। ਸਮਾਜ ਸੇਵੀ ਅਤੇ ਸਥਾਨਕ ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਇਸ ਦੀ ਵਿਕਰੀ ਅਤੇ ਵਰਤੋਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਲਾਪ੍ਰਵਾਹੀ ਕਾਰਨ ਰੋਜ਼ਾਨਾ ਰਾਹਗੀਰ ਅਤੇ ਵਾਹਨ ਚਾਲਕ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਸ ਦਿਨਾਂ ਵਿਚ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਵਿਅਕਤੀ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਚੁੱਕੇ ਹਨ। ਦੋਵਾਂ ਦੇ ਗਲ ’ਤੇ ਟਾਂਕੇ ਲੱਗੇ ਸਨ।