ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ 23 ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ
ਨਗਰ ਕੌਂਸਲ ਸੰਗਤ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ 23 ਲਾਭਪਾਤਰੀਆਂ ਨੂੰ ਮਨਜੂਰੀ ਪੱਤਰ ਵੰਡੇ
Publish Date: Thu, 22 Jan 2026 05:39 PM (IST)
Updated Date: Thu, 22 Jan 2026 05:42 PM (IST)
- ਗ਼ਰੀਬ ਵਰਗ ਦੀ ਮਦਦ ਲਈ ਹਰ ਸਮੇਂ ਤਿਆਰ ਹਾਂ : ਗੋਲਡੀ
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਨਗਰ ਕੌਂਸਲ ਸੰਗਤ ਮੰਡੀ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 23 ਲਾਭਪਾਤਰੀਆਂ ਨੂੰ ਨਵਾਂ ਘਰ ਬਣਾਉਣ ਲਈ ਢਾਈ ਢਾਈ ਲੱਖ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਗਏ। ਨਗਰ ਕੌਂਸਲ ਸੰਗਤ ਦੇ ਕੌਂਸਲਰ ਰਣਜੀਤ ਸਿੰਘ ਨੇ ਦੱਸਿਆ ਕਿ ਗ਼ਰੀਬੀ ਰੇਖਾ ਤੋਂ ਹੇਠਲੇ ਲੋੜਵੰਦਾਂ ਨੂੰ ਨਵਾਂ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਢਾਈ-ਢਾਈ ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ। ਜਿਸ ਤਹਿਤ ਆਵਾਸ ਯੋਜਨਾ ਦੇ 23 ਲਾਭਪਾਤਰੀਆਂ ਨੂੰ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦੀ ਮੌਜੂਦਗੀ ’ਚ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਮਨਜ਼ੂਰੀ ਪੱਤਰ ਤੋਂ ਬਾਅਦ ਹਰੇਕ ਲਾਭਪਾਤਰੀ ਦੇ ਬੈਂਕ ਖਾਤੇ ’ਚ 50-50 ਹਜ਼ਾਰ ਰੁਪਏ ਪਾਏ ਜਾਣਗੇ ਅਤੇ ਘਰ ਦੀ ਛੱਤ ਪਾਏ ਜਾਣ ਤੋਂ ਪਹਿਲਾਂ 1-1 ਲੱਖ ਰੁਪਏ ਦੀ ਹੋਰ ਆਰਥਿਕ ਮਦਦ ਕੀਤੀ ਜਾਣੀ ਹੈ, ਜਦੋਂਕਿ ਛੱਤ ਪਾਉਣ ਤੋਂ ਬਾਅਦ ਮਕਾਨ ਮੁਕੰਮਲ ਕਰਨ ਲਈ 50-50 ਹਜ਼ਾਰ ਰੁਪਏ ਹੋਰ ਮਦਦ ਮਿਲੇਗੀ ਅਤੇ ਪੂਰਾ ਮਕਾਨ ਮੁਕੰਮਲ ਹੋਣ ਤੋਂ ਬਾਅਦ ਬਾਕੀ ਦੇ 50-50 ਹਜ਼ਾਰ ਹਰੇਕ ਲਾਭਪਾਤਰੀ ਨੂੰ ਦਿੱਤੇ ਜਾਣਗੇ। ਸ਼ਹਿਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਜਾਰੀ ਕਰਨ ਸਮੇਂ ਕੌਂਸਲ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਗ਼ਰੀਬ ਵਰਗ ਦੇ ਲੋਕਾਂ ਨੂੰ ਮਿਲਦੀ ਆਰਥਿਕ ਮਦਦ ਦਿਵਾਉਣ ਲਈ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਹਰ ਲੋੜਵੰਦ ਪਰਿਵਾਰ ਦੀ ਮਦਦ ਲਈ ਉਹ ਵਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਇਸ ਮੌਕੇ ਮੁਨੀਸ਼ ਕੁਮਾਰ ਸ਼ਰਮਾ ਜ਼ਿਲ੍ਹਾ ਤਕਨੀਕੀ ਮਾਹਿਰ ਏਡੀਸੀ ਦਫਤਰ ਬਠਿੰਡਾ, ਪ੍ਰਦੀਪ ਕੁਮਾਰ ਨਗਰ ਕੌਂਸਲ ਕਰਮਚਾਰੀ, ਰੇਸ਼ਮ ਸਿੰਘ ਸਰਪੰਚ, ਰਣਜੀਤ ਸਿੰਘ ਕੌਂਸਲਰ ਅਤੇ ਨਗਰ ਕੌਂਸਲ ਸੰਗਤ ਦੇ ਕਰਮਚਾਰੀ ਆਦਿ ਮੌਜੂਦ ਸਨ।