ਖੁੱਲ੍ਹੇ ਪਏ ਸੀਵਰੇਜ ਦੇ ਢੱਕਣ ਨਾਲ ਟਕਰਾ ਕੇ ਸਕੂਟੀ ਸਵਾਰ ਜ਼ਖ਼ਮੀ
ਖੁੱਲ੍ਹੇ ਪਏ ਸੀਵਰੇਜ ਦੇ ਢੱਕਣ ਨਾਲ ਟਕਰਾਕੇ ਸਕੂਟੀ ਸਵਾਰ ਜ਼ਖ਼ਮੀ
Publish Date: Thu, 22 Jan 2026 05:27 PM (IST)
Updated Date: Thu, 22 Jan 2026 05:30 PM (IST)

- ਮਦਦ ਦੀ ਥਾਂ ਨੌਜਵਾਨਾਂ ਨੇ ਮੋਬਾਈਲ ਕੀਤਾ ਚੋਰੀ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਸਰਕਾਰੀ ਰਾਜਿੰਦਰਾ ਕਾਲਜ ਨੇੜੇ ਸੜਕ ਉੱਤੇ ਖੁੱਲ੍ਹੇ ਪਏ ਸੀਵਰੇਜ ਦੇ ਢੱਕਣ ਨਾਲ ਟਕਰਾ ਕੇ ਇੱਕ ਸਕੂਟੀ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਉਸ ਨੂੰ ਕਾਫ਼ੀ ਚੋਟਾਂ ਆਈਆਂ। ਦੁਖਦਾਈ ਗੱਲ ਇਹ ਰਹੀ ਕਿ ਮੌਕੇ ਤੋਂ ਲੰਘ ਰਹੇ ਕੁਝ ਨੌਜਵਾਨਾਂ ਨੇ ਜ਼ਖ਼ਮੀ ਦੀ ਮਦਦ ਕਰਨ ਦੀ ਬਜਾਏ ਉਸ ਦੀ ਜੇਬ ਵਿੱਚੋਂ ਮੋਬਾਈਲ ਫ਼ੋਨ ਅਤੇ ਨਕਦੀ ਚੋਰੀ ਕਰ ਲਈ। ਇਸ ਘਟਨਾ ਦੀ ਜਾਣਕਾਰੀ ਨੇੜਲੇ ਲੋਕਾਂ ਵੱਲੋਂ ਨੌਜਵਾਨ ਵੈੱਲਫੇਅਰ ਸੁਸਾਇਟੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੁਸਾਇਟੀ ਦੇ ਵਰਕਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਵਿਅਕਤੀ ਨੂੰ ਚੁੱਕ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਜਦੋਂ ਜ਼ਖ਼ਮੀ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਮੋਬਾਈਲ ਫ਼ੋਨ ਗਾਇਬ ਹੈ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿੱਚ ਸਪੱਸ਼ਟ ਹੋਇਆ ਕਿ ਹਾਦਸਾ ਸੜਕ ਉੱਤੇ ਖੁੱਲ੍ਹੇ ਪਏ ਸੀਵਰੇਜ ਦੇ ਢੱਕਣ ਕਾਰਨ ਵਾਪਰਿਆ। ਜ਼ਖ਼ਮੀ ਦੀ ਪਛਾਣ ਮਹਿਣਾ ਚੌਕ ਵਾਸੀ ਗੁਰਦਿਆਲ ਸਿੰਘ ਵਜੋਂ ਹੋਈ ਹੈ, ਜੋ ਬਸੰਤ ਤਿਉਹਾਰ ਲਈ ਬਾਜ਼ਾਰ ਤੋਂ ਗੁਬਾਰੇ ਖ਼ਰੀਦ ਕੇ ਘਰ ਵਾਪਸ ਜਾ ਰਿਹਾ ਸੀ। ਸੀਸੀਟੀਵੀ ਫੁਟੇਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਾਦਸੇ ਤੋਂ ਬਾਅਦ ਦੋ ਨੌਜਵਾਨ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀ ਦੀ ਮਦਦ ਕਰਨ ਦੀ ਬਜਾਏ ਉਸ ਦੀਆਂ ਜੇਬਾਂ ਟਟੋਲ ਕੇ ਮੋਬਾਈਲ ਫ਼ੋਨ ਅਤੇ ਨਕਦੀ ਕੱਢ ਲਈ ਅਤੇ ਉਸ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਸੁਸਾਇਟੀ ਵੱਲੋਂ ਘਟਨਾ ਸਬੰਧੀ ਪੂਰੀ ਜਾਣਕਾਰੀ ਅਤੇ ਸੀਸੀਟੀਵੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।