ਪ੍ਰਤਾਪ ਨਗਰ ਵਾਸੀਆਂ ਲਈ ਵੱਡੀ ਰਾਹਤ, ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇਗੀ ਹੱਲ
ਪ੍ਰਤਾਪ ਨਗਰ ਵਾਸੀਆਂ ਲਈ ਵੱਡੀ ਰਾਹਤ, ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਜਾਰੀ
Publish Date: Thu, 22 Jan 2026 05:24 PM (IST)
Updated Date: Thu, 22 Jan 2026 05:27 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੇਅਰ ਪਦਮਜੀਤ ਸਿੰਘ ਮਹਿਤਾ ਨੇ ਪ੍ਰਤਾਪ ਨਗਰ ’ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ। ਇਸ ਦੌਰਾਨ ਮੇਅਰ ਮਹਿਤਾ ਨੇ ਕੌਂਸਲਰ ਪੁਸ਼ਪਾ ਰਾਣੀ ਦੇ ਵਾਰਡ ਅਧੀਨ ਆਉਂਦੀ ਗਲੀ ਨੰਬਰ 1-ਡੀ, ਪ੍ਰਤਾਪ ਨਗਰ ਵਿਚ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਪਾਣੀ ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਦੌਰਾਨ ਵਿਪਨ ਮਿੱਤੂ, ਵਿਕਾਸ ਕੌਸ਼ਲ, ਗੁਰਸੇਵਕ ਸਿੰਘ, ਸੁਭਾਸ਼ ਸ਼ਰਮਾ, ਗੋਬਿੰਦ ਅਗਰਵਾਲ, ਕੁਲਦੀਪ ਸਿੰਘ, ਸਰਦਾਰ ਸੋਢੀ, ਤਾਂਗੜੀ ਅਤੇ ਸੂਰਜ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
ਇਸ ਮੌਕੇ ਮੇਅਰ ਨੇ ਕਿਹਾ ਕਿ ਸਾਫ਼ ਅਤੇ ਲੁੜੀਂਦਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦਾ ਕੋਈ ਵੀ ਖੇਤਰ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਨਹੀਂ ਰਹੇਗਾ ਅਤੇ ਜਨਤਕ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਵੀਂ ਪਾਈਪ ਲਾਈਨ ਦੇ ਵਿਛਾਉਣ ਨਾਲ ਪ੍ਰਤਾਪ ਨਗਰ ਵਾਸੀਆਂ ਨੂੰ ਸਾਫ਼ ਅਤੇ ਨਿਯਮਿਤ ਪਾਣੀ ਦੀ ਸਪਲਾਈ ਮਿਲੇਗੀ, ਜਿਸ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਸਥਾਈ ਹੱਲ ਮਿਲੇਗਾ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕੰਮ ਨੂੰ ਨਿਰਧਾਰਤ ਸਮਾਂ ਸੀਮਾ ਅਤੇ ਗੁਣਵੱਤਾ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।