ਭਾਜਪਾ ਆਪਣੇ ਦਮ ’ਤੇ ਲੜੇਗੀ ਚੋਣਾਂ : ਸਿੰਗਲਾ
ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕੋਈ ਗੱਠਜੋੜ ਨਹੀਂ, ਭਾਜਪਾ ਆਪਣੇ ਦਮ ’ਤੇ ਲੜੇਗੀ ਚੋਣਾਂ
Publish Date: Thu, 22 Jan 2026 04:49 PM (IST)
Updated Date: Thu, 22 Jan 2026 04:51 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਭਾਜਪਾ ਜ਼ਿਲ੍ਹਾ ਬਠਿੰਡਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਨੇ ਸਾਫ ਕੀਤਾ ਹੈ ਕਿ ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ, ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਦਮ ’ਤੇ ਲੜੇਗੀ ਅਤੇ ਨਗਰ ਨਿਗਮ ਚੋਣਾਂ ਲਈ ਵੀ ਭਾਜਪਾ ਪੂਰੀ ਤਰ੍ਹਾ ਤਿਆਰ ਹੈ। ਭਾਜਪਾ ਦੇ ਨਵੇਂ ਬਣੇ ਕੌਮੀ ਪ੍ਰਧਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਲੀਡਰਸ਼ਿਪ ਦੀ ਅਗਵਾਈ ਵਿੱਚ ਨਗਰ ਨਿਗਮ ਚੋਣਾਂ ਲਈ ਪੂਰੀ ਤਿਆਰੀ ਹੈ, ਇਕ ਵਾਰਡ ਵਿੱਚ ਪੰਜ-ਪੰਜ ਉਮੀਦਵਾਰ ਦਾਅਵੇਦਾਰੀ ਜਤਾ ਰਹੇ ਹਨ ਅਤੇ ਪਾਰਟੀ ਵੱਲੋਂ ਸਰਵੇ ਕਰਵਾ ਕੇ ਲੋਕਾਂ ਵਿੱਚ ਵਿਚਰਨ ਅਤੇ ਜਿੱਤਣ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਸਰਕਾਰ ਦੇ ਹੱਥੋਂ ਨਿਕਲ ਚੁੱਕੇ ਹਨ ਹਰ ਪਾਸੇ ਕਤਲੋ ਗਾਰਦ, ਲੁੱਟ-ਖੋਹ, ਡਕੈਤੀਆਂ ਹੋ ਰਹੀਆਂ ਹਨ, ਫਰੌਤੀਆਂ ਮੰਗੀਆਂ ਜਾ ਰਹੀਆਂ ਹਨ, ਫਰੌਤੀਆਂ ਨਾ ਦੇਣ ਤੇ ਗੈਂਗਸਟਰਾਂ ਵੱਲੋਂ ਫਾਇਰਿੰਗ ਕਰ ਕੇ ਦਹਿਸ਼ਤ ਬਣਾਈ ਜਾ ਰਹੀ ਹੈ, ਵਿਆਹਾਂ ਵਿੱਚ ਬੈਠੇ ਵਿਅਕਤੀ ਵੀ ਸੁਰੱਖਿਅਤ ਨਹੀਂ, ਜਿਸ ਕਰ ਕੇ ਪੰਜਾਬੀਆਂ ਅਤੇ ਖਾਸ ਕਰ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਪਾਸੇ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਚਾਰ ਸਾਲ ਹੋਰਨਾਂ ਪਾਰਟੀਆਂ ਤੇ ਦੂਸ਼ਣਬਾਜੀ ਕਰ ਕੇ ਸਮਾਂ ਟਪਾ ਦਿੱਤਾ ਪਰ ਲੋਕਾਂ ਨਾਲ ਕੀਤੇ ਵਾਅਦੇ ਦਿੱਤੀਆਂ ਗਰੰਟੀਆਂ ਵੀ ਪੂਰੀਆਂ ਨਹੀਂ ਕੀਤੀਆਂ, ਜਿਸ ਕਰ ਕੇ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਡਬਲ ਇੰਜਨ ਵਾਲੀ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਪੂਰਨ ਬਹੁਮਤ ਲਵੇਗੀ, ਜਿਸ ਲਈ ਭਾਜਪਾ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ ਨਾ ਕਿ ਜੁਮਲੇਬਾਜ਼ੀ ਕਰ ਕੇ ਗੁੰਮਰਾਹ ਕਰਨਾ ਹੁੰਦਾ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਮਾਹਿਰ ਹਨ, ਪਰ ਪੰਜਾਬੀ ਸਮਝ ਚੁੱਕੇ ਹਨ ਕਿ ਸੂਬੇ ਦੇ ਹਾਲਾਤ ਮਾੜੇ ਹਨ ਅਤੇ ਸਰਕਾਰ ਨੇ ਚਾਰ ਸਾਲ ਵਿੱਚ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ, ਜਿਸ ਕਰ ਕੇ ਲੋਕ ਬਦਲਾਅ ਲਿਆਉਣ ਅਤੇ ਭਾਜਪਾ ਦੀ ਸਰਕਾਰ ਬਣਾਉਣ ਲਈ ਸਹਿਯੋਗ ਕਰਨਗੇ।