ਸ਼ੁਭਮ ਸੈਣੀ ਵੱਲੋਂ ਨੌਜਵਾਨ ਵੋਟਰਾਂ ਨਾਲ ਸੰਪਰਕ ਤੇਜ਼
ਸ਼ੁਭਮ ਸੈਣੀ ਵੱਲੋਂ ਨੌਜਵਾਨ ਵੋਟਰਾਂ ਨਾਲ ਸੰਪਰਕ ਤੇਜ਼, ਤਲਵੰਡੀ ਸਾਬੋ ਬਲਾਕ ਤੋਂ ਨੋਮੀਨੇਸ਼ਨ ਦਾਖਲ
Publish Date: Wed, 21 Jan 2026 06:29 PM (IST)
Updated Date: Thu, 22 Jan 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਯੂਥ ਕਾਂਗਰਸ ਦੀਆਂ ਅੰਦਰੂਨੀ ਚੋਣਾਂ ਨੂੰ ਲੈ ਕੇ ਸੂਬੇ ਭਰ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਭਾਵੇਂ ਇਨ੍ਹਾਂ ਚੋਣਾਂ ਵਿਚ ਹਾਲੇ ਕਰੀਬ ਇਕ ਸਾਲ ਦਾ ਸਮਾਂ ਬਾਕੀ ਸੀ ਪਰ ਮੌਜੂਦਾ ਯੂਥ ਕਾਂਗਰਸ ਪ੍ਰਧਾਨ ਵੱਲੋਂ ਲੰਮੇ ਸਮੇਂ ਤੋਂ ਕੋਈ ਢੰਗ ਦੀ ਸਰਗਰਮੀ ਨਾ ਹੋਣ ਕਾਰਨ ਹਾਈ ਕਮਾਂਡ ਨੇ ਸਖ਼ਤ ਫੈਸਲਾ ਲੈਂਦਿਆਂ ਪੰਜਾਬ ਯੂਥ ਕਾਂਗਰਸ ਨੂੰ ਭੰਗ ਕਰ ਦਿੱਤਾ ਅਤੇ ਮੁੜ ਚੋਣ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਫੈਸਲੇ ਨਾਲ ਨੌਜਵਾਨਾਂ ਵਿਚ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕੜੀ ਤਹਿਤ ਹਲਕਾ ਤਲਵੰਡੀ ਸਾਬੋ ਦੇ ਸਰਗਰਮ ਯੂਥ ਆਗੂ ਸ਼ੁਭਮ ਸੈਣੀ ਵੱਲੋਂ ਯੂਥ ਕਾਂਗਰਸ ਚੋਣਾਂ ਦੇ ਸਬੰਧ ਵਿਚ ਨੌਜਵਾਨ ਵੋਟਰਾਂ ਨਾਲ ਵਿਆਪਕ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਤਲਵੰਡੀ ਸਾਬੋ ਬਲਾਕ ਤੋਂ ਯੂਥ ਪ੍ਰਧਾਨ ਦੇ ਅਹੁਦੇ ਲਈ ਆਪਣੀ ਆਨਲਾਈਨ ਨੋਮੀਨੇਸ਼ਨ ਦਾਖ਼ਲ ਕੀਤੀ ਹੈ। ਸ਼ੁਭਮ ਸੈਣੀ ਨੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਨੌਜਵਾਨਾਂ ਦੀ ਅਸਲੀ ਆਵਾਜ਼ ਹੈ ਅਤੇ ਇਸ ਨੂੰ ਮੁੜ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਹ ਹਲਕੇ ਦੇ ਹਰ ਪਿੰਡ ਤਕ ਪਹੁੰਚ ਕੇ ਨੌਜਵਾਨਾਂ ਦੇ ਮੁੱਦੇ ਸੁਣਣਗੇ ਅਤੇ ਉਨ੍ਹਾਂ ਨੂੰ ਸੰਗਠਨਕ ਮੰਚ ’ਤੇ ਉਭਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਜੇ ਨੌਜਵਾਨਾਂ ਦਾ ਸਹਿਯੋਗ ਮਿਲਿਆ ਤਾਂ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਮੌਕੇ ਯੂਥ ਆਗੂ ਹਰਮਨਦੀਪ ਧਾਲੀਵਾਲ, ਹੈਪੀ ਸਿੰਘ, ਗਗਨਦੀਪ, ਅਰਸ਼ ਮੱਟੂ ਸਮੇਤ ਹੋਰ ਕਈ ਨੌਜਵਾਨ ਸਾਥੀ ਵੀ ਮੌਜੂਦ ਸਨ।