ਬਾਗ਼ਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕਤਾ ਸੈਮੀਨਾਰ
ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਸਬੰਧੀ ਸੈਮੀਨਾਰ ਕਰਵਾਇਆ
Publish Date: Wed, 21 Jan 2026 05:29 PM (IST)
Updated Date: Thu, 22 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਰਿਜਕ ਜਵਾਨ, ਬਾਂਸਲ ਐਗਰੀਕਲਚਰ ਸਟੋਰ ਅਤੇ ਪਾਲੀਹਬ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਵਿਭਾਗ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਮਕਸਦ ਪ੍ਰੋਟੈਕਟਡ ਕਲਟੀਵੇਸ਼ਨ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਆਧੁਨਿਕ ਤੇ ਲਾਭਕਾਰੀ ਖੇਤੀ ਬਾਰੇ ਜਾਣਕਾਰੀ ਦੇਣਾ ਸੀ, ਜਿਸ ਵਿਚ ਖਾਸ ਤੌਰ ‘ਤੇ ਖੀਰੇ ਤੇ ਸ਼ਿਮਲਾ ਮਿਰਚ ਦੀ ਖੇਤੀ ’ਤੇ ਧਿਆਨ ਕੇਂਦਰਿਤ ਕੀਤਾ। ਸੈਮੀਨਾਰ ਵਿਚ ਬਾਗਬਾਨੀ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਕੁਲਜੀਤ ਸਿੰਘ ਤੇ ਹਾਰਟੀਕਲਚਰ ਡਿਵੈਲਪਮੈਂਟ ਅਫ਼ਸਰ ਰੀਨਾ ਗਰਗ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ, ਤਕਨੀਕੀ ਪੱਖਾਂ ਤੇ ਸਰਕਾਰੀ ਮਦਦ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਰਿਜਕ ਜਵਾਨ ਵੱਲੋਂ ਸਤੀਸ਼, ਪਾਲੀਹਬ ਵੱਲੋਂ ਰਣਦੀਪ ਤੇ ਬਾਂਸਲ ਐਗਰੀਕਲਚਰ ਸਟੋਰ ਵੱਲੋਂ ਆਸ਼ੀਸ਼ ਬਾਂਸਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਡਾ. ਕੁਲਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਪ੍ਰੋਟੈਕਟਡ ਕਲਟੀਵੇਸ਼ਨ ਰਾਹੀਂ ਘੱਟ ਖੇਤਰ ਵਿਚ ਵੱਧ ਉਪਜ ਹਾਸਲ ਕੀਤੀ ਜਾ ਸਕਦੀ ਹੈ ਤੇ ਫਸਲ ਨੂੰ ਮੌਸਮ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਗ੍ਰੀਨਹਾਊਸ, ਨੈੱਟ ਹਾਊਸ ਤੇ ਪਾਲੀਹਾਊਸ ਵਿਚ ਕੀਤੀ ਜਾਣ ਵਾਲੀ ਖੇਤੀ ਦੇ ਲਾਭ ਸਮਝਾਉਂਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਸੰਭਵ ਹੈ। ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਐੱਚਡੀਓ ਰੀਨਾ ਗਰਗ ਨੇ ਖੀਰੇ ਦੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਜ ਚੋਣ, ਨਰਸਰੀ ਤਿਆਰ ਕਰਨ, ਸਿੰਚਾਈ, ਖਾਦ ਪ੍ਰਬੰਧਨ ਤੇ ਰੋਗ ਨਿਯੰਤਰਨ ਦੇ ਤਰੀਕੇ ਦੱਸੇ। ਵਿਗਿਆਨਕ ਢੰਗ ਨਾਲ ਖੇਤੀ ਕਰਨ ਨਾਲ ਉਪਜ ਦੇ ਨਾਲ-ਨਾਲ ਗੁਣਵੱਤਾ ਵਿੱਚ ਵੀ ਸੁਧਾਰ ਆਉਂਦਾ ਹੈ। ਸੈਮੀਨਾਰ ਦੌਰਾਨ ਮੌਜੂਦ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਮਾਹਿਰਾਂ ਤੋਂ ਸਵਾਲ ਪੁੱਛ ਕੇ ਉਨ੍ਹਾਂ ਦੇ ਹੱਲ ਪ੍ਰਾਪਤ ਕੀਤੇ। ਅੰਤ ’ਚ ਪ੍ਰਬੰਧਕਾਂ ਵੱਲੋਂ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਕਿਸਾਨ ਆਧੁਨਿਕ ਤਕਨੀਕਾਂ ਅਪਣਾ ਕੇ ਆਤਮਨਿਰਭਰ ਬਣ ਸਕਣ।