- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕਾਸ਼ੀ ਯੂਨੀਵਰਸਿਟੀ ਦੀ 5ਵੀਂ ਕਨਵੋਕੇਸ਼ਨ 25 ਜਨਵਰੀ ਨੂੰ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿੱਖਿਆ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ 25 ਜਨਵਰੀ ਨੂੰ ਆਪਣੀ 5ਵੀਂ ਕਨਵੋਕੇਸ਼ਨ ਕਰਵਾਈ ਜਾ ਰਹੀ ਹੈ। ਇਸ ਬਾਰੇ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ, ਜੀਕੇਯੂ ਨੇ ਦੱਸਿਆ ਕਿ ਕਨਵੋਕੇਸ਼ਨ ਵਿਚ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਦੇ ਸਕੱਤਰ ਕਮ ਅਟਾਰਨੀ-ਐਟ-ਲਾਅ ਸ੍ਰੀਲੰਕਾ ਸੁਪਰੀਮ ਕੋਰਟ, ਜੀ ਪਰਦੀਪ ਸਪੁਤਾਂਥਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਇਸ ਦੀ ਪ੍ਰਧਾਨਗੀ ਜੀਕੇਯੂ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਕੀਤੀ ਜਾਵੇਗੀ। ਡਿਗਰੀ ਵੰਡ ਸਮਾਗਮ ’ਚ ਦੇਸ਼ਾਂ-ਵਿਦੇਸ਼ਾਂ ਦੇ ਨਾਮਵਰ ਵਿੱਦਿਆ ਮਾਹਿਰ ਪ੍ਰੋ. ਕੇ ਸ਼ਿਵਚਿਥੱਪਾ, ਵਾਈਸ-ਚਾਂਸਲਰ, ਮਾਂਡਿਆ ਯੂਨੀਵਰਸਿਟੀ ਅਤੇ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ, ਵਾਈਸ-ਚਾਂਸਲਰ, ਸੈਂਟਰਲ |ਵਰਸਿਟੀ ਆਫ਼ ਪੰਜਾਬ, ਬਠਿੰਡਾ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸਬੰਧੀ ਬਠਿੰਡਾ ਵਿਖੇ ਹੋਈ ਪ੍ਰੈੱਸ ਕਾਨਫਰੰਸ ਵਿਚ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਪ੍ਰੋ. ਵਾਈਸ ਚਾਂਸਲਰ ਨੇ ਦੱਸਿਆ ਕਿ ਕਨਵੋਕੇਸ਼ਨ ਮੌਕੇ ਵੱਖ-ਵੱਖ ਅਕਾਦਮਿਕ ਪ੍ਰੋਗਰਾਮ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਵਾਲੇ 514 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ, ਜਿਸ ਵਿਚ ਪੀਐੱਚਡੀ (56), ਪੀਜੀ ਡਿਪਲੋਮਾ (9), ਮਾਸਟਰ (145) ਤੇ ਬੈਚਲਰ (313) ਡਿਗਰੀਆਂ ਵੰਡੀਆਂ ਜਾਣਗੀਆਂ। ਵਿੱਦਿਆ ਦੇ ਖੇਤਰ ’ਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ’ਚ ’ਵਰਸਿਟੀ ਨਿਯਮਾਂ ਅਨੁਸਾਰ ਵਿੱਦਿਅਕ ਖੇਤਰ ’ਚ ਅਸਾਧਾਰਨ ਤੇ ਉੱਚ ਪੱਧਰੀ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਨੂੰ ਚਾਂਸਲਰ ਮੈਡਲ, ਵਾਈਸ ਚਾਂਸਲਰ ਮੈਡਲ ਤੇ ਡਾ. ਏਪੀਜੇ ਅਬਦੁੱਲ ਕਲਾਮ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ’ਚ ਡਾ. ਦੁੱਲਨ ਅਮਿਤੀ ਹਿਤਾਰਾਚੀ, (ਸ਼੍ਰੀਲੰਕਾ) ਨੂੰ ਅੰਤਰ ਰਾਸ਼ਟਰੀ ਕੂਟਨੀਤੀ, ਗੌਰਵ ਮਲਹੋਤਰਾ (ਆਸਟ੍ਰੇਲਿਆ) ਨੂੰ ਸਮਾਜ ਸੇਵਾ ਤੇ ਅੰਕੁਰ ਅਗਰਵਾਲ (ਦੁਬੱਈ) ਨੂੰ ਰੀਅਲ ਅਸਟੇਟ ਤੇ ਆਰਕੀਟੈਕਚਰ ਦੇ ਖੇਤਰ ਵਿਚ ਕੀਤੇ ਨਵੇਂ ਕੰਮਾਂ ਕਰਕੇ ਡੀ-ਲਿੱਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਕਾਨਫਰੰਸ ਮੌਕੇ ਡਾ. ਵਿਜੈ ਲਕਸ਼ਮੀ, ਕਨਵੀਨਰ ਅਲੂਮਨੀ ਮੀਟ ਨੇ ਦੱਸਿਆ ਕਿ ਪੁਰਾਣੇ ਵਿਦਿਆਰਥੀਆਂ ਵੱਲੋਂ ਆਪਣੇ ਸੰਘਰਸ਼, ਪ੍ਰਾਪਤੀਆਂ ਤੇ ਮਿੱਠੀਆਂ ਯਾਦਾਂ ਨੂੰ ਸਾਂਝਾ ਕਰਨ ਲਈ ਯੂਨੀਵਰਸਿਟੀ ਵਿਖੇ 24 ਜਨਵਰੀ 2026 ਨੂੰ ਅਲੂਮਨੀ ਮੀਟ ਕਰਵਾਈ ਜਾ ਰਹੀ ਹੈ, ਜਿਸ ਵਿਚ ਵਰਸਿਟੀ ਦੇ 500 ਤੋਂ ਜ਼ਿਆਦਾ ਵਿਦਿਆਰਥੀ ਆਪਣੇ ਤਜ਼ਰਬੇ ਤੇ ਸਫਲਤਾਂ ਦੀਆਂ ਕਹਾਣੀਆਂ ਸਾਂਝੀਆਂ ਕਰਨਗੇ। ਕਾਨਫਰੰਸ ਮੌਕੇ ਡਾ. ਧੀਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਡੀਨ ਫੈਕਲਟੀ ਆਫ਼ ਵਿਜ਼ੂਅਲ ਪਰਫਾਰਮਿੰਗ ਆਰਟਸ ਨੇ ਦੱਸਿਆ ਕਿ ਅਲੋਪ ਹੋ ਰਹੇ ਤੰਤੀ ਸਾਜ਼ ਰਬਾਬ ਨੂੰ ਹਰਮਨ ਪਿਆਰਾ ਬਣਾਉਣ ਲਈ ਜੀਕੇਯੂ ਵਿਖੇ ਸਥਾਪਿਤ ਗੁਰੂ ਨਾਨਕ ਚੇਅਰ ਤੇ ਭਾਈ ਮਰਦਾਨਾ ਚੇਅਰ ਵੱਲੋਂ 26 ਜਨਵਰੀ ਸਵੇਰੇ 11 ਵਜੇ ਅੰਤਰਰਾਸ਼ਟਰੀ ਰਬਾਬ ਉਤਸਵ ਕਰਵਾਇਆ ਜਾ ਰਿਹਾ ਹੈ, ਜਿਸ ’ਚ ਨਾਮਵਰ ਰਬਾਬ ਵਾਦਕ ਉਸਤਾਦ ਹੁਮਾਯੂ ਸਖੀ (ਅਮਰੀਕਾ) ਆਪਣੀ ਕਲਾ ਦਾ ਜੌਹਰ ਵਿਖਾਉਣਗੇ। ਉਤਸਵ ’ਚ ਪੰਡਿਤ ਸਿਧਾਰਥ ਚਟਰਜੀ ਤਬਲਾ ਵਾਦਕ ਅਤੇ ਲੀਨਾ ਬੇਦੀ (ਅਮਰੀਕਾ) ਆਪਣੇ ਗਾਇਨ ਰਾਹੀਂ ਉਨ੍ਹਾਂ ਦੀ ਸੰਗਤ ਕਰਨਗੇ।