ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
ਮਦਦ ਦੇ ਬਹਾਨੇ ਘਰ ਬੁਲਾ ਕੇ ਨਸ਼ੀਲਾ ਪਦਾਰਥ ਪਿਲਾਇਆ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
Publish Date: Wed, 21 Jan 2026 04:50 PM (IST)
Updated Date: Thu, 22 Jan 2026 04:03 AM (IST)

-15 ਹਜ਼ਾਰ ਦੀ ਨਕਦੀ ਤੇ ਗਹਿਣੇ ਲੁੱਟੇ, ਹੁਣ ਡੇਢ ਲੱਖ ਰੁਪਏ ਦੀ ਕੀਤੀ ਮੰਗ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁੰਬਈ ਦੇ ਨਾਲਾਸੋਪਾਰਾ ਪੱਛਮੀ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਬਠਿੰਡਾ ਰੇਂਜ ਦੇ ਡੀਆਈਜੀ ਕੋਲ ਲਿਖਤੀ ਸ਼ਿਕਾਇਤ ਦੇ ਕੇ ਕੁਝ ਵਿਅਕਤੀਆਂ ’ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਦਾ ਦੋਸ਼ ਹੈ ਕਿ ਮਦਦ ਦੇ ਬਹਾਨੇ ਉਸਨੂੰ ਘਰ ਬੁਲਾ ਕੇ ਨਸ਼ੀਲਾ ਪਦਾਰਥ ਪਿਲਾਇਆ ਗਿਆ, ਉਸ ਤੋਂ ਬਾਅਦ ਉਸ ਦੀ ਨੰਗੀ ਹਾਲਤ ਵਿੱਚ ਅਸ਼ਲੀਲ ਵੀਡੀਓ ਬਣਾਈ ਗਈ ਅਤੇ ਹੁਣ ਉਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਗਗਨਜੋਤ ਸਿੰਘ ਨਿਵਾਸੀ ਮਕਾਨ ਨੰਬਰ 201, ਬੀ-ਵਿੰਗ, ਸਾਈ ਪੁਸ਼ਪਾ ਅਪਾਰਟਮੈਂਟ, ਨਾਲਾਸੋਪਾਰਾ ਪੱਛਮ (ਮੁੰਬਈ) ਨੇ ਦੱਸਿਆ ਕਿ ਉਹ 14 ਜਨਵਰੀ 2026 ਨੂੰ ਆਪਣੇ ਦੋਸਤ ਦੇ ਗ੍ਰਹਿ ਪ੍ਰਵੇਸ਼ ਅਤੇ ਬੱਚਿਆਂ ਦੇ ਜਨਮ ਦਿਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਆਇਆ ਸੀ। 16 ਜਨਵਰੀ ਨੂੰ ਜਦੋਂ ਉਹ ਮੁੰਬਈ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਸੀ, ਤਦੋਂ ਉਸਨੂੰ ਸੂਮਨ ਨਾਮਕ ਇੱਕ ਮਹਿਲਾ ਦਾ ਫ਼ੋਨ ਆਇਆ, ਜਿਸ ਨੇ ਪਰਿਵਾਰਕ ਵਿਵਾਦ ਸਲਝਾਉਣ ਦੇ ਬਹਾਨੇ ਮਿਲਣ ਲਈ ਕਿਹਾ। ਪੀੜਤ ਦੇ ਮੁਤਾਬਕ ਕਰੀਬ ਇਕ ਸਾਲ ਪਹਿਲਾਂ ਉਸਦੀ ਮੁਲਾਕਾਤ ਸੂਮਨ ਨਾਲ ਬਠਿੰਡਾ ਜ਼ਿਲ੍ਹਾ ਅਦਾਲਤ ਵਿੱਚ ਹੋਈ ਸੀ। ਉਸ ਸਮੇਂ ਮਹਿਲਾ ਨੇ ਆਪਣੇ ਪਤੀ ਮਨਦੀਪ ਸਿੰਘ ਖ਼ਿਲਾਫ਼ ਚੱਲ ਰਹੇ ਚੈਕ ਬਾਊਂਸ ਕੇਸਾਂ ਦਾ ਹਵਾਲਾ ਦੇ ਕੇ ਮਦਦ ਮੰਗੀ ਸੀ। 16 ਜਨਵਰੀ ਨੂੰ ਸੂਮਨ ਨੇ ਵਟਸਐਪ ਰਾਹੀਂ ਆਪਣਾ ਪਤਾ ਅਤੇ ਲੋਕੇਸ਼ਨ ਭੇਜੀ। ਗਗਨਜੋਤ ਸਿੰਘ ਰੈਪੀਡੋ ਰਾਹੀਂ ਈ-ਰਿਕਸ਼ਾ ਲੈ ਕੇ ਆਦਰਸ਼ ਨਗਰ ਸਥਿਤ ਉਸਦੇ ਘਰ ਪਹੁੰਚਿਆ। ਉਸ ਵੇਲੇ ਮਹਿਲਾ ਘਰ ਵਿੱਚ ਇਕੱਲੀ ਸੀ ਅਤੇ ਉਸ ਨੇ ਚਾਹ ਪਿਲਾਈ। ਚਾਹ ਪੀਣ ਤੋਂ ਕੁਝ ਹੀ ਸਮੇਂ ਬਾਅਦ ਪੀੜਤ ਨੂੰ ਚੱਕਰ ਆਉਣ ਲੱਗੇ ਅਤੇ ਉਹ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਇਸ ਦੌਰਾਨ ਤਿੰਨ ਅਣਪਛਾਤੀਆਂ ਮਹਿਲਾਵਾਂ ਤੇ ਦੋ ਪੁਰਸ਼ ਉੱਥੇ ਪਹੁੰਚ ਗਏ। ਦੋਸ਼ ਹੈ ਕਿ ਸਾਰੇ ਮਿਲ ਕੇ ਪੀੜਤ ਦੇ ਕੱਪੜੇ ਉਤਾਰ ਕੇ ਮੋਬਾਈਲ ਫ਼ੋਨ ਨਾਲ ਉਸਦੀ ਅਸ਼ਲੀਲ ਵੀਡੀਓ ਬਣਾਈ ਗਈ। ਇਨ੍ਹਾਂ ਵਿਅਕਤੀਆਂ ਨੇ ਉਸ ਦੇ ਗਲੇ ਤੋਂ ਸੋਨੇ ਦੀ ਚੇਨ, ਉਂਗਲੋਂ ਅੰਗੂਠੀ ਉਤਾਰ ਲਈ ਤੇ ਪਰਸ ਵਿੱਚੋਂ 15 ਹਜ਼ਾਰ ਦੀ ਨਕਦੀ ਕੱਢ ਲਈ। ਉਸਦਾ ਆਧਾਰ, ਪੈਨ ਕਾਰਡ ਤੇ ਮੋਬਾਈਲ ’ਚੋਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਨੰਬਰ ਵੀ ਲੈ ਲਏ ਪੀੜਤ ਨੇ ਦੱਸਿਆ ਕਿ ਦੋਸ਼ੀਆਂ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ 20 ਜਨਵਰੀ ਤਕ 1.50 ਲੱਖ ਰੁਪਏ ਨਾ ਦਿੱਤੇ ਗਏ ਤਾਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਭੇਜੀ ਜਾਵੇਗੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਹ ਇਕ ਸੰਗਠਿਤ ਗਿਰੋਹ ਹੈ ਜੋ ਇਸੇ ਢੰਗ ਨਾਲ ਨਿਰਦੋਸ਼ ਲੋਕਾਂ ਨੂੰ ਫਸਾ ਕੇ ਲੁੱਟ ਤੇ ਬਲੈਕਮੇਲਿੰਗ ਕਰਦਾ ਹੈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।