ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਮਾਮਲਾ ਦਰਜ
ਮਦਦ ਦੇ ਬਹਾਨੇ ਘਰ ਬੁਲਾ ਕੇ ਨਸ਼ੀਲਾ ਪਦਾਰਥ ਪਿਲਾਇਆ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
Publish Date: Tue, 20 Jan 2026 08:51 PM (IST)
Updated Date: Wed, 21 Jan 2026 04:19 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁੰਬਈ ਦੇ ਨਾਲਾਸੋਪਾਰਾ ਪੱਛਮੀ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਬਠਿੰਡਾ ਰੇਂਜ ਦੇ ਡੀਆਈਜੀ ਕੋਲ ਲਿਖਤੀ ਸ਼ਿਕਾਇਤ ਦੇ ਕੇ ਕੁਝ ਵਿਅਕਤੀਆਂ ’ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਅਨੁਸਾਰ ਮਦਦ ਬਹਾਨੇ ਉਸਨੂੰ ਘਰ ਸੱਦ ਕੇ ਪਾਬੰਦੀਸ਼ੁਦਾ ਪਦਾਰਥ ਪਿਲਾਇਆ, ਉਸ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਬਣਾਈ ਤੇ ਹੁਣ ਉਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਦੇ ਗਲੋਂ ਸੋਨੇ ਦੀ ਚੇਨ, ਉਂਗਲ ਤੋਂ ਅੰਗੂਠੀ, 15 ਹਜ਼ਾਰ ਦੀ ਨਕਦੀ ਖੋਹ ਲਈ। ਸ਼ਿਕਾਇਤਕਰਤਾ ਗਗਨਜੋਤ ਸਿੰਘ ਨਿਵਾਸੀ ਮਕਾਨ ਨੰਬਰ 201, ਬੀ-ਵਿੰਗ, ਸਾਈ ਪੁਸ਼ਪਾ ਅਪਾਰਟਮੈਂਟ, ਨਾਲਾਸੋਪਾਰਾ ਪੱਛਮ (ਮੁੰਬਈ) ਨੇ ਦੱਸਿਆ ਕਿ ਉਹ 14 ਜਨਵਰੀ 2026 ਨੂੰ ਆਪਣੇ ਦੋਸਤ ਦੇ ਗ੍ਰਹਿ ਪ੍ਰਵੇਸ਼ ਅਤੇ ਬੱਚਿਆਂ ਦੇ ਜਨਮ ਦਿਨ ਦੇ ਸਮਾਗਮ ’ਚ ਸ਼ਾਮਲ ਹੋਣ ਲਈ ਬਠਿੰਡਾ ਆਇਆ ਸੀ। 16 ਜਨਵਰੀ ਨੂੰ ਸੂਮਨ ਨੇ ਵ੍ਹਟਸਐਪ ਰਾਹੀਂ ਆਪਣਾ ਪਤਾ ਤੇ ਲੋਕੇਸ਼ਨ ਭੇਜੀ। ਗਗਨਜੋਤ ਸਿੰਘ ਰੈਪੀਡੋ ਰਾਹੀਂ ਈ-ਰਿਕਸ਼ਾ ਲੈ ਕੇ ਆਦਰਸ਼ ਨਗਰ ਸਥਿਤ ਉਸਦੇ ਘਰ ਪਹੁੰਚਿਆ। ਉਸ ਵੇਲੇ ਮਹਿਲਾ ਘਰ ਵਿੱਚ ਇਕੱਲੀ ਸੀ ਅਤੇ ਉਸ ਨੇ ਚਾਹ ਪਿਆਈ। ਚਾਹ ਪੀਣ ਤੋਂ ਕੁਝ ਹੀ ਸਮੇਂ ਬਾਅਦ ਪੀੜਤ ਨੂੰ ਚੱਕਰ ਆਉਣ ਲੱਗੇ ਤੇ ਉਹ ਅਰਧ-ਬੇਹੋਸ਼ੀ ਦੀ ਹਾਲਤ ’ਚ ਚਲਾ ਗਿਆ। ਪੀੜਤ ਅਨੁਸਾਰ ਦੋਸ਼ੀਆਂ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ 20 ਜਨਵਰੀ ਤਕ 1.50 ਲੱਖ ਰੁਪਏ ਨਾ ਦਿੱਤੇ ਤਾਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੂੰ ਵੀ ਭੇਜੀ ਜਾਵੇਗੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਹ ਇਕ ਸੰਗਠਿਤ ਗਿਰੋਹ ਹੈ ਜੋ ਇਸੇ ਤਰੀਕੇ ਨਾਲ ਨਿਰਦੋਸ਼ ਲੋਕਾਂ ਨੂੰ ਫਸਾ ਕੇ ਲੁੱਟ ਤੇ ਬਲੈਕਮੇਲਿੰਗ ਕਰਦਾ ਹੈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।