ਐੱਨਐੱਸਐੱਸ ਵਿੰਗ ਵੱਲੋਂ ਰਨ ਫਾਰ ਸਵਦੇਸ਼ੀ ਸਮਾਗਮ ਕਰਵਾਇਆ
ਐਨਐਸਐਸ ਵਿੰਗ ਵੱਲੋਂ ਰਨ ਫਾਰ ਸਵਦੇਸ਼ੀ ਪ੍ਰੋਗਰਾਮ ਕਰਵਾਇਆ
Publish Date: Tue, 20 Jan 2026 06:59 PM (IST)
Updated Date: Wed, 21 Jan 2026 04:15 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਦੀ ਯਾਦ ’ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਬਠਿੰਡਾ ਦੇ ਐਨਐਸਐਸ ਵਿੰਗ ਵੱਲੋਂ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ “ਰਨ ਫਾਰ ਸਵਦੇਸ਼ੀ” ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਮਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਪ੍ਰੇਰਿਤ ਕਰਕੇ ਸਵਦੇਸ਼ੀ, ਸਵੈ-ਨਿਰਭਰਤਾ, ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਰਾਸ਼ਟਰੀ ਏਕਤਾ ਦੇ ਆਦਰਸ਼ਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ’ਚ ਐੱਨਐੱਸਐੱਸ ਵਲੰਟੀਅਰਾਂ ਅਤੇ ਫੈਕਲਟੀ ਮੈਂਬਰਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਾਸ਼ਟਰ ਨਿਰਮਾਣ ਅਤੇ ਸਿਹਤਮੰਦ ਜੀਵਨ ਸ਼ੈਲੀ ਦੇ ਪ੍ਰਚਾਰ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ। ਪ੍ਰੋਗਰਾਮ ਦੀ ਸ਼ੁਰੂਆਤ “ਰਨ ਫਾਰ ਸਵਦੇਸ਼ੀ” ਦੌੜ ਨਾਲ ਹੋਈ। ਇਸ ਉਪਰੰਤ ਡਾ. ਮਨਜੀਤ ਬਾਂਸਲ, ਡੀਨ, ਕੰਸਲਟੈਂਸੀ ਸੈੱਲ, ਐਮਆਰਐਸਪੀਟੀਯੂ., ਬਠਿੰਡਾ ਵੱਲੋਂ ਇਕ ਮਾਹਰ ਭਾਸ਼ਣ ਦਿੱਤਾ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ ਦੀ ਸਮਕਾਲੀ ਮਹੱਤਤਾ ’ਤੇ ਰੌਸ਼ਨੀ ਪਾਉਂਦਿਆਂ ਯੁਵਾ ਸਸ਼ਕਤੀਕਰਨ, ਨਵੀਨਤਾ, ਆਤਮ-ਵਿਸ਼ਵਾਸ ਅਤੇ ਭਾਰਤ ਨੂੰ ਸਵੈ-ਨਿਰਭਰ ਤੇ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਬਣਾਉਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰੋਗਰਾਮ ਦਾ ਸਮਾਪਨ ਪ੍ਰੇਰਣਾਦਾਇਕ ਸੁਨੇਹਿਆਂ ਨਾਲ ਹੋਇਆ। ਇਸ ਮੌਕੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਰਗਰਮ ਅਤੇ ਉਤਸ਼ਾਹਪੂਰਕ ਭਾਗੀਦਾਰੀ ਦੀ ਪ੍ਰਸ਼ੰਸਾ ਵਜੋਂ ਸਰਟੀਫਿਕੇਟ ਵੀ ਵੰਡੇ ਗਏ।