ਚਾਈਨਾ ਡੋਰ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਚਾਈਨਾ ਡੋਰ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ
Publish Date: Tue, 20 Jan 2026 06:39 PM (IST)
Updated Date: Wed, 21 Jan 2026 04:13 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਐੱਮਐੱਸਡੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ ਵਿਚ ਵਿਦਿਆਰਥੀਆਂ ਨੂੰ ਮਨੁੱਖੀ ਜਾਨਾਂ ਲਈ ਖਤਰਨਾਕ ਚਾਈਨਾ ਡੋਰ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ, ਕਾਨੂੰਨੀ ਪਾਬੰਦੀਆਂ ਤੇ ਇਸ ਤੋਂ ਬਚਾਅ ਦੇ ਉਪਾਇਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਚਾਈਨਾ ਡੋਰ ਸਬੰਧੀ ਹੈਲਪ ਲਾਈਨ ਦੇ ਪ੍ਰਧਾਨ ਬੋਬੀ ਲਹਿਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਈਨਾ ਡੋਰ ਨਾ ਸਿਰਫ ਮਨੁੱਖੀ ਜਾਨਾਂ ਲਈ ਖਤਰਾ ਹੈ, ਸਗੋਂ ਪਸ਼ੂ-ਪੰਛੀਆਂ ਲਈ ਵੀ ਘਾਤਕ ਸਾਬਤ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਵੀ ਇਸ ਤੋਂ ਦੂਰ ਰਹਿਣ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ। ਇਸ ਮੌਕੇ ਐਮਐਸਡੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਦੇ ਪ੍ਰਿੰਸੀਪਲ ਪਰਵੀਨ ਕੁਮਾਰ ਸਿੰਗਲਾ, ਐੱਮਐੱਸਡੀ ਇੰਗਲਿਸ਼ ਮੀਡੀਅਮ ਸਕੂਲ ਰਾਮਾਂ ਦੀ ਪ੍ਰਿੰਸੀਪਲ ਹਰਕਿਰਨ ਕੌਰ, ਮਨਦੀਪ ਸਿੰਘ ਪੀਜੀਕੀ, ਮੈਥ ਸਟੇਜ ਸਕੱਤਰ ਕਾਲਾ ਬੰਗੀ, ਲਲਿਤ ਕੋਟਬਖਤੂ ਅਤੇ ਐੱਮਐੱਸਡੀ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਰਹੇ। ਸਕੂਲ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ।