ਮੇਅਰ ਮਹਿਤਾ ਨੇ ਗੋਪਾਲ ਨਗਰ ਤੋਂ ਸ਼ੁਰੂ ਕਰਵਾਈ ਸਫ਼ਾਈ
ਮੇਅਰ ਪਦਮਜੀਤ ਮਹਿਤਾ ਨੇ ਗੋਪਾਲ ਨਗਰ ਤੋਂ ਸਫਾਈ ਮੁਹਿੰਮ ਦੀ ਕੀਤੀ ਸ਼ੁਰੂਆਤ
Publish Date: Tue, 20 Jan 2026 06:17 PM (IST)
Updated Date: Wed, 21 Jan 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਆਧੁਨਿਕ ਦਿੱਖ ਦੇਣ ਲਈ ਲਗਾਤਾਰ ਯਤਨਸ਼ੀਲ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਗੋਪਾਲ ਨਗਰ ਤੋਂ ਰਸਮੀ ਤੌਰ ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇਲਾਕੇ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਵਧੀ ਅਤੇ ਆਮ ਲੋਕਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਦਾ ਪ੍ਰਣ ਲਿਆ। ਇਸ ਮੁਹਿੰਮ ਦੀ ਸ਼ੁਰੂਆਤ ਸਮੇਂ ਸਮਾਜ ਸੇਵਕ ਬਲਵਿੰਦਰ ਸਿੰਘ (ਬਿੰਦਰ ਫਰਨੀਚਰ ਵਾਲੇ), ਸੁਨੀਲ ਕੁਮਾਰ, ਮਨਦੀਪ ਸਿੰਘ, ਪਿੰਚੂ, ਸੰਨੀ ਗਿੱਲ, ਗੌਤਮ ਭੰਡਾਰੀ, ਬਲਵੀਰ ਸਿੰਘ, ਹੈਪੀ, ਸਿਮਰਨਜੀਤ, ਨਵਲ ਕਿਸ਼ੋਰ, ਸ਼ਿਆਮਸਰੂਪ, ਕੁਲਵੰਤ ਰਾਏ, ਪੱਪੂ ਸਿੰਘ, ਪ੍ਰਿੰਸ ਸ਼ਰਮਾ, ਦੀਪਾ ਅਤੇ ਜੱਸਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮੌਜੂਦ ਸਨ। ਇਸ ਮੌਕੇ ਮੇਅਰ ਨੇ ਕਿਹਾ ਕਿ ਬਠਿੰਡਾ ਨੂੰ ਸਾਫ਼ ਤੇ ਸੁੰਦਰ ਸ਼ਹਿਰ ਬਣਾਉਣਾ ਨਿਗਮ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਇਹ ਸਫਾਈ ਮੁਹਿੰਮ ਸਿਰਫ਼ ਇਕ ਦਿਨ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਸ਼ਹਿਰ ਦੀਆਂ ਆਦਤਾਂ ਤੇ ਮਾਨਸਿਕਤਾ ਵਿਚ ਸਕਾਰਾਤਮਕ ਬਦਲਾਅ ਲਿਆਉਣ ਦੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਬਠਿੰਡਾ ਦੇ ਸਾਰੇ 50 ਵਾਰਡਾਂ ਵਿਚ ਪੜਾਅਵਾਰ ਲਾਗੂ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ ਨਿਯਮਤ ਸਫਾਈ, ਕੂੜੇ ਦੇ ਨਿਬੇੜੇ ’ਚ ਸੁਧਾਰ, ਜਨਤਕ ਥਾਵਾਂ ਦੀ ਸਫਾਈ ਅਤੇ ਨਾਗਰਿਕਾਂ ’ਚ ਸਫਾਈ ਪ੍ਰਤੀ ਜਾਗਰੂਕਤਾ ਲਾਗੂ ਕੀਤੀ ਜਾਵੇਗੀ। ਮੇਅਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜੇ ਨੂੰ ਸਿਰਫ਼ ਨਿਰਧਾਰਤ ਖੇਤਰਾਂ ਵਿਚ ਹੀ ਸੁੱਟਣ, ਪਲਾਸਟਿਕ ਦੀ ਵਰਤੋਂ ਤੋਂ ਬਚਣ, ਆਪਣੇ ਆਲੇ ਦੁਆਲੇ ਸਫਾਈ ਬਣਾਈ ਰੱਖਣ ਅਤੇ ਨਗਰ ਨਿਗਮ ਨਾਲ ਸਹਿਯੋਗ ਕਰਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਜਨਤਕ ਸਹਿਯੋਗ ਨਾਲ ਬਠਿੰਡਾ ਜਲਦੀ ਹੀ ਆਪਣੇ ਆਪ ਨੂੰ ਇਕ ਆਦਰਸ਼, ਸਾਫ਼ ਅਤੇ ਸੁੰਦਰ ਸ਼ਹਿਰ ਵਜੋਂ ਸਥਾਪਿਤ ਕਰੇਗਾ।