ਚੇਅਰਮੈਨ ਭੱਲਾ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਕੀਤੀ ਮੁਲਾਕਾਤ
ਚੇਅਰਮੈਨ ਭੱਲਾ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਕੀਤੀ ਮੁਲਾਕਾਤ
Publish Date: Tue, 20 Jan 2026 05:46 PM (IST)
Updated Date: Wed, 21 Jan 2026 04:09 AM (IST)
-ਕਿਹਾ, ਕਈ ਕਲੋਨੀਆਂ ’ਚ ਇਨਹਾਂਸਮੈਂਟ ਦੇ ਨਾਂ ’ਤੇ ਵਸੂਲੀ ਜਾ ਰਹੀ ਵੱਡੀ ਰਕਮ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਵੱਲੋਂ ਲਾਈ ਗਈ ਇਨਹਾਂਸਮੈਂਟ ਫੀਸ ਦੇ ਮਸਲੇ ਨੂੰ ਲੈ ਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਮੰਤਰੀ ਦੇ ਸਾਹਮਣੇ ਰੱਖਦਿਆਂ ਇਨਹਾਂਸਮੈਂਟ ਦੇ ਮੁੱਦੇ ਦਾ ਜਲਦੀ ਅਤੇ ਨਿਆਂਸੰਗਤ ਹੱਲ ਕੱਢਣ ਦੀ ਮੰਗ ਕੀਤੀ। ਚੇਅਰਮੈਨ ਭੱਲਾ ਨੇ ਕਿਹਾ ਕਿ ਪੁੱਡਾ ਵੱਲੋਂ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਇਨਹਾਂਸਮੈਂਟ ਦੇ ਨਾਂ ’ਤੇ ਵੱਡੀ ਰਕਮ ਵਸੂਲੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ’ਤੇ ਵਿੱਤੀ ਬੋਝ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਕਰਕੇ ਬੀਡੀਏ ਇਨਕਲੇਵ ਅਤੇ ਮਾਡਲ ਟਾਊਨ ਦੇ ਫੇਜ਼-4 ਅਤੇ ਫੇਜ਼-5 ਦੇ ਰਹਿਣ ਵਾਲੇ ਲੋਕ ਇਸ ਮਸਲੇ ਕਾਰਨ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਹਨ।
ਚੇਅਰਮੈਨ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਨ੍ਹਾਂ ਕਲੋਨੀਆਂ ਵਿੱਚ ਵਸਨੀਕ ਪਹਿਲਾਂ ਹੀ ਪਲਾਟਾਂ ਅਤੇ ਮਕਾਨਾਂ ਦੀ ਕੀਮਤਾਂ ਅਦਾ ਕਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਇਨਹਾਂਸਮੈਂਟ ਦੇ ਨਾਂ ’ਤੇ ਵਾਧੂ ਭਾਰ ਪਾਉਣਾ ਨਾਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਾਰੀ ਰਕਮ ਅਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਪਰਿਵਾਰ ਆਰਥਿਕ ਦਬਾਅ ਹੇਠ ਆ ਗਏ ਹਨ। ਉਨ੍ਹਾਂ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਸ਼ਹਿਰ ਦੇ ਲੋਕਾਂ ਦੀ ਇਸ ਵੱਡੀ ਸਮੱਸਿਆ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਨ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਚੇਅਰਮੈਨ ਵੱਲੋਂ ਰੱਖੇ ਗਏ ਮਸਲੇ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਲੋਕਾਂ ਨਾਲ ਨਾਇਨਸਾਫ਼ੀ ਨਹੀਂ ਹੋਣ ਦੇਵੇਗੀ।
ਉਨ੍ਹਾਂ ਕਿਹਾ ਕਿ ਬੀਡੀਏ ਇਨਕਲੇਵ ਅਤੇ ਮਾਡਲ ਟਾਊਨ ਦੇ ਫੇਜ਼-4 ਅਤੇ ਫੇਜ਼-5 ਵਿੱਚ ਲਾਈ ਗਈ ਇਨਹਾਂਸਮੈਂਟ ਦੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਜਲਦੀ ਹੀ ਇਸ ਸਬੰਧੀ ਢੁੱਕਵਾਂ ਹੱਲ ਕੱਢਿਆ ਜਾਵੇਗਾ। ਅਖੀਰ ਵਿੱਚ ਜਤਿੰਦਰ ਸਿੰਘ ਭੱਲਾ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਜਲਦੀ ਹੀ ਇਸ ਮਸਲੇ ਦਾ ਸਕਾਰਾਤਮਕ ਹੱਲ ਕੱਢੇਗੀ ਅਤੇ ਸ਼ਹਿਰ ਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਹਰਭਜਨ ਸਿੰਘ ਪੰਨੂੰ, ਹਰਬੰਸ ਸਿੰਘ ਸਿੱਧੂ, ਐਡਵੋਕੇਟ ਰਜਿੰਦਰ ਸਿੰਘ , ਇਕਬਾਲ ਸਿੰਘ ਬੁੱਟਰ ਅਤੇ ਨਵਪ੍ਰੀਤ ਸਿੰਘ ਬਰਾੜ ਹਾਜ਼ਰ ਸਨ।