- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈ ਰਿਕਸ਼ਾ ਚਾਲਕ ਨੇ ਪ੍ਰਵਾਸੀ ਮਜ਼ਦੂਰ ਲੁੱਟੇ, ਕਾਸਮੈਟਿਕ ਦੀ ਦੁਕਾਨ ’ਚੋਂ ਲੱਖਾਂ ਰੁਪਏ ਚੋਰੀ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੋਮਵਾਰ ਦੇਰ ਰਾਤ ਇਕ ਈ ਰਿਕਸ਼ਾ ਚਾਲਕ ਨੇ ਜਿੱਥੇ ਦੋ ਪਰਵਾਸੀ ਮਜ਼ਦੂਰਾਂ ਨਾਲ ਲੁੱਟਖੋਹ ਕੀਤੀ ਹੈ, ਉੱਥੇ ਹੀ ਪੂਜਾ ਵਾਲਾ ਮੁਹੱਲਾ ਵਿਚ ਕਾਸਮੈਟਿਕ ਦੀ ਦੁਕਾਨ ਵਿੱਚੋਂ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਚੋਰੀ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਤੋਂ ਅਹਿਮਦਾਬਾਦ ਜਾਣ ਲਈ ਆਏ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਈ ਰਿਕਸ਼ਾ ਚਾਲਕ ਨੇ ਲੁੱਟ ਲਿਆ। ਪ੍ਰਵਾਸੀ ਮਜ਼ਦੂਰ ਸੌਰਵ ਤੇ ਅਰਪਿਤ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਪਨੀ ਵਿਚ ਕੰਮ ਕਰਦੇ ਹਨ। ਉਨ੍ਹਾਂ ਮਲੋਟ ਤੋਂ ਅਹਿਮਦਾਬਾਦ ਜਾਣਾ ਸੀ। ਜਿਸ ਲਈ ਉਹ ਟ੍ਰੇਨ ਫੜਨ ਲਈ ਬਠਿੰਡਾ ਪਹੁੰਚ ਗਏ। ਦੋਵਾਂ ਨੇ ਦੱਸਿਆ ਕਿ ਉਹ ਬਠਿੰਡਾ ਦੇ ਮੁੱਖ ਬੱਸ ਅੱਡੇ ਤੋਂ ਈ ਰਿਕਸ਼ਾ ਲੈ ਕੇ ਰੇਲਵੇ ਸਟੇਸ਼ਨ ਲਈ ਰਵਾਨਾ ਹੋਏ ਸਨ, ਪਰ ਈ ਰਿਕਸ਼ਾ ਚਾਲਕ ਨੇ ਆਪਣਾ ਆਟੋ ਹੋਰ ਰਸਤੇ ਪਾ ਲਿਆ। ਸ਼ੱਕ ਪੈਣ ’ਤੇ ਮਜ਼ਦੂਰ ਸੌਰਵ ਨੇ ਆਪਣੇ ਮੋਬਾਈਲ ਫੋਨ ’ਤੇ ਮੈਪ ਖੋਲ੍ਹ ਕੇ ਦੇਖਿਆ ਤਾਂ ਈ ਰਿਕਸ਼ਾ ਚਾਲਕ ਦੋਵਾਂ ਨੂੰ ਰੇਲਵੇ ਸਟੇਸ਼ਨ ਦੀ ਉਲਟ ਸਾਈਡ ਲੈ ਕੇ ਜਾ ਰਿਹਾ ਸੀ। ਈ ਰਿਕਸ਼ਾ ਚਾਲਕ ਉਨ੍ਹਾਂ ਨੂੰ ਸਰਹਿੰਦ ਨਹਿਰ ਵੱਲ ਲੈ ਗਿਆ। ਇਸ ਦੌਰਾਨ ਸ਼ੱਕ ਪੈਣ ’ਤੇ ਸੌਰਵ ਆਟੋ ਵਿੱਚੋਂ ਛਾਲ ਮਾਰ ਕੇ ਭੱਜ ਨਿਕਲਿਆ ਜਦਕਿ ਉਸ ਦਾ ਬੈਗ ਆਟੋ ਵਿਚ ਹੀ ਰਹਿ ਗਿਆ, ਜਿਸ ਵਿਚ 4000 ਰੁਪਏ ਤੇ ਉਸਦੀ ਪੜ੍ਹਾਈ ਦੇ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਸਨ। ਉਸਨੇ ਦੱਸਿਆ ਕਿ ਆਟੋ ਚਾਲਕ ਨੇ ਇਸ ਦੌਰਾਨ ਹੀ ਦੂਜੇ ਮਜ਼ਦੂਰ ਅਰਪਿਤ ਨੂੰ ਉੱਥੇ ਹੀ ਫੜ ਲਿਆ ਅਤੇ ਉਸ ਕੋਲੋਂ ਮੋਬਾਈਲ ਫੋਨ 8000 ਰੁਪਏ ਅਤੇ ਹੋਰ ਸਮਾਨ ਖੋਹ ਲਿਆ। ਪੀੜਤ ਮਜ਼ਦੂਰ ਸੌਰਵ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸੂਚਨਾ ਥਾਣਾ ਕੋਤਵਾਲੀ ਪੁਲਿਸ ਨੂੰ ਲਿਖਤੀ ਤੌਰ ’ਤੇ ਦਿੱਤੀ ਪਰ ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਨਹੀਂ ਕੀਤੀ। ਇਸ ਤੋਂ ਬਾਅਦ ਦੋਵੇਂ ਮਜ਼ਦੂਰ ਐੱਸਐੱਸਪੀ ਆਫਿਸ ਪੁੱਜੇ ਪਰ ਉਨ੍ਹਾਂ ਨੂੰ ਉੱਥੇ ਮਿਲਣ ਨਹੀਂ ਦਿੱਤਾ ਗਿਆ। ਮਜ਼ਦੂਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪੜ੍ਹਾਈ ਨਾਲ ਸਬੰਧਤ ਤੇ ਹੋਰ ਦਸਤਾਵੇਜ਼ ਦੁਬਾਰਾ ਕਢਵਾਉਣ ਲਈ ਐਫਆਈਆਰ ਦੀ ਜਰੂਰਤ ਪੈਂਦੀ ਹੈ ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਦੂਜੇ ਪਾਸੇ ਪੂਜਾ ਵਾਲਾ ਮੁਹੱਲਾ ਵਿਚ ਕਾਸਮੈਟਿਕ ਦੀ ਦੁਕਾਨ ਵਿੱਚੋਂ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਚੋਰੀ ਕਰ ਲਏ। ਦੁਕਾਨ ਦੇ ਮਾਲਕ ਅਸ਼ਵਨੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਸੋਮਵਾਰ ਰਾਤ ਦੁਕਾਨ ਬੰਦ ਕਰਕੇ ਗਏ ਸਨ ਪਰ ਜਦੋਂ ਉਹ ਸਵੇਰੇ 9 ਵਜੇ ਦੁਕਾਨ ’ਤੇ ਪੁੱਜੇ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਉਸਨੇ ਦੱਸਿਆ ਕਿ ਗੱਲੇ ’ਚ ਪਏ ਇਕ ਲੱਖ ਰੁਪਏ ਨਕਦ ਤੇ ਦੋ ਮੋਬਾਈਲ ਫੋਨ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ। ਪੀੜਤ ਨੇ ਦੱਸਿਆ ਕਿ ਉਸ ਨੇ ਪੈਸੇ ਹੋਰ ਸਮਾਨ ਲਿਆਉਣ ਲਈ ਰੱਖੇ ਸਨ, ਜਿਸ ਨੂੰ ਅਣਪਛਾਤੇ ਚੋਰ ਚੁੱਕ ਕੇ ਲੈ ਗਏ।