ਸੜਕ ਸੁਰੱਖਿਆ ਮੁਹਿੰਮ ਦੌਰਾਨ ਮੁਲਾਜ਼ਮਾਂ ਤੇ ਸਮਾਜ ਨੂੰ ਕੀਤਾ ਜਾਗਰੂਕ
ਸੜਕ ਸੁਰੱਖਿਆ ਮੁਹਿੰਮ ਦੌਰਾਨ ਕਰਮਚਾਰੀਆਂ ਅਤੇ ਸਮਾਜ ਵਿਚ ਜਾਗਰੂਕਤਾ ਨੂੰ ਮਿਲੀ ਨਵੀਂ ਦਿਸ਼ਾ
Publish Date: Tue, 20 Jan 2026 05:12 PM (IST)
Updated Date: Wed, 21 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐਚਪੀਸੀਐਲ–ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ), ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਸੜਕ ਸੁਰੱਖਿਆ ਮੁਹਿੰਮ 2026 ਚਲਾਈ ਗਈ। ਮੁਲਾਜ਼ਮਾਂ ਅਤੇ ਸਮੁਦਾਇਕ ਜਾਗਰੂਕਤਾ ਨੂੰ ਕੇਂਦਰ ਵਿਚ ਰੱਖ ਕੇ ਚਲਾਈ ਗਈ ਇਸ ਮੁਹਿੰਮ ਦਾ ਮੁੱਖ ਉਦੇਸ਼ ਟਰੱਕ ਅਤੇ ਟੈਂਕਰ ਚਾਲਕ ਦਲ, ਵਰਕਰਾਂ ਅਤੇ ਕਰਮਚਾਰੀਆਂ ਵਿਚ ਸੜਕ ਸੁਰੱਖਿਆ ਪ੍ਰਤੀ ਜ਼ਿੰਮੇਵਾਰ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਰਿਹਾ। 23 ਜਨਵਰੀ 2026 ਤਕ ਚੱਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸੜਕ ਸੁਰੱਖਿਆ ਜਾਗਰੂਕਤਾ ਵਧਾਉਣ ਲਈ ਵੱਖ-ਵੱਖ ਕਾਰਜਕ੍ਰਮ ਕਰਵਾਏ ਗਏ। ਮੁਹਿੰਮ ਦੀ ਸ਼ੁਰੂਆਤ 2,000 ਤੋਂ ਵੱਧ ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਸੜਕ ਸੁਰੱਖਿਆ ਬੈਜ ਵੰਡ ਕੇ ਕੀਤੀ ਗਈ। ਇਸ ਨਾਲ ਰਿਫਾਈਨਰੀ ਪਰਿਸਰ ਦੇ ਮੁੱਖ ਸਥਾਨਾਂ ’ਤੇ ਸੜਕ ਸੁਰੱਖਿਆ ਸਟੈਂਡੀ ਅਤੇ ਬੈਨਰ ਲਗਾਏ ਗਏ। ਸਮਾਜ ਵਿਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਐੱਚਐੱਮਈਐੱਲ ਟਾਊਨਸ਼ਿਪ ਸਥਿਤ ਦ ਮਿਲੇਨਿਅਮ ਸਕੂਲ ’ਚ ਜਮਾਤ 8 ਅਤੇ 9 ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਪ੍ਰਸਿੱਧ ਸੜਕ ਸੁਰੱਖਿਆ ਮਾਹਿਰ ਕਰਨਲ ਆਰਕੇ ਸ਼ਰਮਾ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਟ੍ਰੈਫਿਕ ਨਿਯਮਾਂ, ਹੈਲਮੈਟ ਤੇ ਸੀਟ ਬੈਲਟ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੁਹਿੰਮ ਦੌਰਾਨ ‘ਸੜਕ ਸੁਰੱਖਿਆ’ ਸਹੁੰ ਤਹਿਤ 700 ਤੋਂ ਵੱਧ ਕਰਮਚਾਰੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਦਾ ਸੰਕਲਪ ਲਿਆ। ਇਸ ਦੇ ਨਾਲ “ਪ੍ਰੋਸੀਜਰ ਪੰਡਿਤ” ਨਾਂ ਦੀ ਆਨਲਾਈਨ ਕਵਿਜ਼ ਵਿਚ 301 ਕਰਮਚਾਰੀਆਂ ਨੇ ਭਾਗ ਲਿਆ। ਕੈਨੋਪੀ ਗਤੀਵਿਧੀ ਦੌਰਾਨ ਕਰਨਲ ਆਰਕੇ ਸ਼ਰਮਾ ਨੇ ਡਿਫੈਂਸਿਵ ਡਰਾਈਵਿੰਗ ਬਾਰੇ ਇੰਟਰਐਕਟਿਵ ਜਾਣਕਾਰੀ ਦਿੱਤੀ। ਕੁੱਲ ਮਿਲਾ ਕੇ ਐਚਐਮਈਐਲ ਦੀ ਸੜਕ ਸੁਰੱਖਿਆ ਮੁਹਿੰਮ 2026 ਨੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਸਮੁਦਾਇ ਵਿਚ ਸੁਰੱਖਿਅਤ ਸੜਕ ਵਿਵਹਾਰ ਪ੍ਰਤੀ ਜਾਗਰੂਕਤਾ ਨੂੰ ਮਜ਼ਬੂਤ ਕੀਤਾ।