ਮਨਰੇਗਾ ਮਜ਼ਦੂਰਾਂ ਦਾ ਹੱਕ ਖੋਹਣਾ ਗਰੀਬ ਨਾਲ ਧੋਖਾ : ਪਥਰਾਲਾ
ਮਨਰੇਗਾ ਮਜ਼ਦੂਰਾਂ ਦੇ ਕੰਮ ਦਾ ਅਧਿਕਾਰ ਖੋਹਣਾ ਗਰੀਬ ਵਰਗ ਨਾਲ ਵੱਡਾ ਧੋਖਾ: ਪਥਰਾਲਾ
Publish Date: Tue, 20 Jan 2026 04:33 PM (IST)
Updated Date: Wed, 21 Jan 2026 04:01 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦੇ ਕੰਮ ਮੰਗਣ ਦੇ ਅਧਿਕਾਰ ਖੋਹ ਕੇ ਗਰੀਬ ਮਜ਼ਦੂਰ ਵਰਗ ਨਾਲ ਵੱਡਾ ਧੋਖਾ ਕੀਤਾ ਹੈ। ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਸਕੱਤਰ ਅਤੇ ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ ਨੇ ਆਖੀ। ਕਾਂਗਰਸ ਪਾਰਟੀ ਵੱਲੋਂ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਲਈ ਕੰਮ ਦਾ ਅਧਿਕਾਰ ਕਾਨੂੰਨ ਲਿਆ ਕੇ ਮਜ਼ਦੂਰ ਵਰਗ ਦੀ ਭਲਾਈ ਲਈ ਵੱਡਾ ਉਪਰਾਲਾ ਕੀਤਾ ਤੇ ਸੂਚਨਾ ਦੇ ਅਧਿਕਾਰ ਤਹਿਤ ਹਰ ਸਰਕਾਰੀ ਵਿਭਾਗ ਨੂੰ ਇਸ ਦੇ ਘੇਰੇ ’ਚ ਲਿਆ ਕੇ ਜਿੰਮੇਵਾਰੀ ਤਹਿ ਕੀਤੀ ਗਈ ਪ੍ਰੰਤੂ ਜਦੋਂ ਦੀ ਕੇਂਦਰੀ ਸੱਤਾ ’ਚ ਕੇਂਦਰ ਸਰਕਾਰ ਆਈ ਹੈ। ਉਨ੍ਹਾਂ ਮਨਰੇਗਾ ਕਾਨੂੰਨ ਨੂੰ ਲਗਾਤਾਰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ ਰਾਮ ਜੀ ਦੇ ਨਾਂ ’ਤੇ ਬਣਾਏ ਕਾਨੂੰਨ ’ਚ ਭਾਵੇਂ ਮਜ਼ਦੂਰਾਂ ਨੂੰ ਸਵਾ ਸੌ ਦਿਨ ਦੇ ਰੁਜ਼ਗਾਰ ਦੇਣ ਦਾ ਲਾਰਾ ਲਾਇਆ ਗਿਆ ਹੈ ਪ੍ਰੰਤੂ ਮਨਰੇਗਾ ਬਜ਼ਟ ਵਿਚ ਕੇਂਦਰ ਸਰਕਾਰ ਦਾ ਹਿੱਸਾ ਘਟਾ ਕੇ ਇਸ ਨੂੰ ਰਾਜਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀਆਂ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਸਕਣਗੀਆਂ। ਕਾਂਗਰਸ ਹਮੇਸ਼ਾ ਗਰੀਬ ਵਰਗ ’ਤੇ ਮਿਹਨਤੀ ਲੋਕਾਂ ਦੇ ਹੱਕ ’ਚ ਖੜ੍ਹ ਕੇ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਲਾਮਬੰਦੀ ਕਰਕੇ ਲੋਕ ਲਹਿਰ ਬਣਾਏਗੀ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੜ ਸੱਤਾ ’ਚ ਪਰਤਣ ’ਤੇ ਨਵੇਂ ਮਨਰੇਗਾ ਕਾਨੂੰਨ ਦੀ ਸਮੀਖਿਆ ਕਰਵਾਕੇ ਮਜ਼ਦੂਰਾਂ ਦੇ ਹੱਕ ਰਾਖਵੇਂ ਕੀਤੇ ਜਾਣਗੇ।