ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇਖਣ 31 ਤੱਕ ਕੀਤਾ ਜਾਵੇਗਾ ਮੁਕੰਮਲ
ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇਖਣ 31 ਜਨਵਰੀ ਤੱਕ ਮੁਕੰਮਲ ਕੀਤਾ ਜਾਵੇਗਾ
Publish Date: Tue, 20 Jan 2026 04:27 PM (IST)
Updated Date: Wed, 21 Jan 2026 04:01 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਕੂਲੋਂ ਵਿਰਵੇ ਤੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਬੱਚਿਆਂ ਦੀ ਪਛਾਣ ਲਈ ਚਲਾਏ ਜਾ ਰਹੇ ਵਿਸ਼ੇਸ਼ ਸਰਵੇਖਣ ਨੂੰ 31 ਜਨਵਰੀ ਤਕ ਮੁਕੰਮਲ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਸਰਵੇਖਣ ਦਾ ਮਕਸਦ ਉਨ੍ਹਾਂ ਬੱਚਿਆਂ ਨੂੰ ਚਿੰਨ੍ਹਤ ਕਰਨਾ ਹੈ ਜੋ ਕਿਸੇ ਕਾਰਨ ਕਰਕੇ ਸਕੂਲ ਨਹੀਂ ਜਾ ਰਹੇ ਜਾਂ ਅੱਧ ਵਿਚਕਾਰ ਹੀ ਪੜ੍ਹਾਈ ਛੱਡਣ ਲਈ ਮਜਬੂਰ ਹੋ ਗਏ ਹਨ। ਸਰਵੇਖਣ ਦੌਰਾਨ ਖ਼ਾਸ ਤੌਰ ’ਤੇ ਮਜ਼ਦੂਰ ਜਮਾਤ ਨਾਲ ਸਬੰਧਤ ਪਰਿਵਾਰਾਂ ਦੇ ਬੱਚਿਆਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਬਹੁਤੇ ਬੱਚੇ ਗਰੀਬੀ, ਮਜ਼ਦੂਰੀ, ਪਰਿਵਾਰਕ ਜ਼ਿੰਮੇਵਾਰੀਆਂ ਤੇ ਆਰਥਿਕ ਤੰਗੀਆਂ ਕਾਰਨ ਸਕੂਲ ਛੱਡ ਦਿੰਦੇ ਹਨ, ਜਦਕਿ ਕਈ ਬੱਚਿਆਂ ਨੂੰ ਤਾਂ ਅਜੇ ਤਕ ਸਕੂਲ ਜਾਣ ਦਾ ਮੌਕਾ ਹੀ ਨਹੀਂ ਮਿਲਦਾ। ਇਹ ਸਰਵੇਖਣ ਭੱਠਿਆਂ, ਫੈਕਟਰੀਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਸ਼ਹਿਰ ਦੇ ਗਰੀਬ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿਚ ਕੀਤਾ ਜਾਵੇਗਾ। ਸਰਵੇ ਟੀਮਾਂ ਇਨ੍ਹਾਂ ਥਾਵਾਂ ‘ਤੇ ਜਾ ਕੇ ਬੱਚਿਆਂ ਦੀ ਉਮਰ, ਪੜ੍ਹਾਈ ਦੀ ਸਥਿਤੀ ਅਤੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਇਕੱਠੀ ਕਰਨਗੀਆਂ, ਤਾਂ ਜੋ ਉਨ੍ਹਾਂ ਨੂੰ ਮੁੜ ਸਕੂਲ ਪ੍ਰਣਾਲੀ ਨਾਲ ਜੋੜਿਆ ਜਾ ਸਕੇ। ਸਰਵੇਖਣ ਕਰ ਰਹੀਆਂ ਟੀਮਾਂ ਵੱਲੋਂ ਮਾਪਿਆਂ ਨੂੰ ਵੀ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਹੀ ਉਨ੍ਹਾਂ ਦੇ ਭਵਿੱਖ ਨੂੰ ਸੁਧਾਰਨ ਦਾ ਸਭ ਤੋਂ ਵੱਡਾ ਸਾਧਨ ਹੈ ਤੇ ਸਰਕਾਰ ਵੱਲੋਂ ਬੱਚਿਆਂ ਦੀ ਸਿੱਖਿਆ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਤੇ ਸਹੂਲਤਾਂ ਉਪਲੱਬਧ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸਰਵੇਖਣ ਤੋਂ ਬਾਅਦ ਪਛਾਣ ਕੀਤੇ ਗਏ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਤੇ ਪੜ੍ਹਾਈ ਦੇ ਪੱਧਰ ਅਨੁਸਾਰ ਸਕੂਲਾਂ ’ਚ ਦਾਖ਼ਲ ਕਰਵਾਇਆ ਜਾਵੇਗਾ, ਜਿਹੜੇ ਬੱਚੇ ਲੰਬੇ ਸਮੇਂ ਤੋਂ ਸਕੂਲੋਂ ਦੂਰ ਰਹੇ ਹਨ, ਉਨ੍ਹਾਂ ਲਈ ਖ਼ਾਸ ਬ੍ਰਿਜ ਕੋਰਸ ਤੇ ਵਿਸ਼ੇਸ਼ ਕਲਾਸਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਉਹ ਮੁੱਖ ਧਾਰਾ ਸਿੱਖਿਆ ਨਾਲ ਦੁਬਾਰਾ ਜੁੜ ਸਕਣ। ਸਰਵੇਖਣ ਨਾਲ ਜੁੜੇ ਅਧਿਕਾਰੀਆਂ ਨੇ ਸਮਾਜ-ਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਅਜਿਹਾ ਬੱਚਾ ਹੈ ਜੋ ਸਕੂਲ ਨਹੀਂ ਜਾ ਰਿਹਾ, ਤਾਂ ਉਹ ਇਸ ਦੀ ਜਾਣਕਾਰੀ ਸਰਵੇ ਟੀਮਾਂ ਜਾਂ ਸਬੰਧਤ ਵਿਭਾਗ ਨੂੰ ਦੇਣ, ਤਾਂ ਜੋ ਹਰ ਬੱਚੇ ਨੂੰ ਸਿੱਖਿਆ ਦਾ ਅਧਿਕਾਰ ਮਿਲ ਸਕੇਚਿਨ੍ਹਿਤ। ਅਧਿਕਾਰੀਆਂ ਨੇ ਕਿਹਾ ਕਿ ਇਹ ਸਰਵੇਖਣ ਸਿਰਫ਼ ਕ ਅੰਕੜਾ ਇਕੱਠਾ ਕਰਨ ਦੀ ਕਾਰਵਾਈ ਨਹੀਂ, ਸਗੋਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਨਾਲ ਸਬੰਧਤ ਬੱਚਿਆਂ ਨੂੰ ਉਨ੍ਹਾਂ ਦਾ ਬੁਨਿਆਦੀ ਹੱਕ ਸਿੱਖਿਆ ਦਿਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।