ਲਿੰਗ ਅਨੁਪਾਤ ਸੰਤੁਲਿਤ ਕਰਨ ਵਾਲੀਆਂ ਆਸ਼ਾ ਵਰਕਰਾਂ ਸਨਮਾਨਿਤ
ਲਿੰਗ ਅਨੁਪਾਤ ਸੰਤੁਲਿਤ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਕੀਤਾ ਸਨਮਾਨਿਤ
Publish Date: Mon, 19 Jan 2026 05:17 PM (IST)
Updated Date: Tue, 20 Jan 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿਚ ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ–ਬੇਟੀ ਪੜ੍ਹਾਓ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਬਠਿੰਡਾ ਸ਼ਹਿਰ ਦੀਆਂ ਚਾਰ ਆਸ਼ਾ ਵਰਕਰਾਂ ਨੂੰ ਸਿਵਲ ਸਰਜਨ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਆਸ਼ਾ ਵਰਕਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਸਿਵਲ ਸਰਜਨ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਦੀ ਮਜ਼ਬੂਤ ਕੜੀ ਹਨ ਜੋ ਪਿੰਡ ਪੱਧਰ ‘ਤੇ ਲੋਕਾਂ ਤੱਕ ਸਰਕਾਰੀ ਸਕੀਮਾਂ ਤੇ ਜਾਗਰੂਕਤਾ ਸੁਨੇਹੇ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਭਵਤੀਆਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ, ਪੂਰਵ-ਜਨਮ ਜਾਂਚਾਂ ਤੇ ਲਿੰਗ ਚੋਣ ਵਿਰੋਧੀ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣ ਨਾਲ ਲਿੰਗ ਅਨੁਪਾਤ ਸੁਧਾਰ ’ਚ ਸਪੱਸ਼ਟ ਨਤੀਜੇ ਸਾਹਮਣੇ ਆ ਰਹੇ ਹਨ। ਅੰਤ ਵਿੱਚ ਸਿਵਲ ਸਰਜਨ ਨੇ ਆਸ ਪ੍ਰਗਟਾਈ ਕਿ ਆਸ਼ਾ ਵਰਕਰ ਇਸੇ ਤਰ੍ਹਾਂ ਸਮਰਪਿਤ ਭਾਵ ਨਾਲ ਕੰਮ ਕਰਦੀਆਂ ਰਹਿਣਗੀਆਂ ਅਤੇ ਸਿਹਤ ਵਿਭਾਗ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦਾ ਰਹੇਗਾ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਐੱਲਐੱਚਵੀ ਗੁਰਜਿੰਦਰ ਕੌਰ ਅਤੇ ਏਐਨਐਮ ਗੁਰਪ੍ਰੀਤ ਕੌਰ ਹਾਜ਼ਰ ਸਨ।