ਸ਼ੇਅਰ ਮਾਰਕੀਟ ’ਚ ਨਿਵੇਸ਼ ਦਾ ਝਾਂਸਾ ਦੇ ਕੇ ਏਅਰਫੋਰਸ ਮੁਲਾਜ਼ਮ ਤੋਂ ਠੱਗੇ 11 ਲੱਖ
ਸ਼ੇਅਰ ਮਾਰਕਿਟ ਵਿਚ ਨਿਵੇਸ਼ ਦਾ ਝਾਂਸਾ ਦੇ ਕੇ
Publish Date: Mon, 19 Jan 2026 05:16 PM (IST)
Updated Date: Tue, 20 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ੇਅਰ ਮਾਰਕੀਟ ’ਚ ਨਿਵੇਸ਼ ਦਾ ਝਾਂਸਾ ਦੇ ਕੇ ਏਅਰਫੋਰਸ ਕਰਮਚਾਰੀ ਤੋਂ 11 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਇਬਰ ਕ੍ਰਾਇਮ ਪੁਲਿਸ ਬਠਿੰਡਾ ਨੇ ਇਸ ਸਬੰਧ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਲੋਕੇਸ਼ ਭੱਟ ਵਾਸੀ ਏਅਰਫੋਰਸ ਸਟੇਸ਼ਨ ਭਿਸੀਆਣਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਸ ਨੂੰ ਵ੍ਹਾਟਸਐਪ ਨੰਬਰ 9892100072 ਤੋਂ ਏ205 ਆਸਥਾ ਕਰੈਡਿਟ ਐਂਡ ਸਕਿਓਰਿਟੀਜ਼ ਪ੍ਰਾਈਵੇਟ ਲਿਮਿਟਡ” ਨਾਂ ਦੇ ਗਰੁੱਪ ’ਚ ਐਡ ਕੀਤਾ ਗਿਆ। ਗਰੁੱਪ ਵਿਚ ਸ਼ੇਅਰ ਮਾਰਕੀਟ ਤੇ ਮਿਊਚੁਅਲ ਫੰਡ ਵਿਚ ਨਿਵੇਸ਼ ਕਰਕੇ ਵੱਧ ਮੁਨਾਫ਼ਾ ਕਮਾਉਣ ਦੇ ਬਾਰੇ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਗਰੁੱਪ ਦੇ ਮੈਂਬਰਾਂ ਨੇ ਟਰੇਡਿੰਗ ਬਾਰੇ ਜਾਣਕਾਰੀ ਦੇਣ ਤੇ ਇਕ ਮਹੀਨੇ ਦੀ ਟ੍ਰਾਇਲ ਆਫਰ ਦੇਣ ਦੀ ਗੱਲ ਕੀਤੀ, ਜਿਸ ਨਾਲ ਉਸਨੂੰ ਇਹ ਭਰੋਸਾ ਹੋਇਆ ਕਿ ਸਹੀ ਮਾਰਗਦਰਸ਼ਨ ਮਿਲ ਰਿਹਾ ਹੈ। 23 ਸਤੰਬਰ 2025 ਨੂੰ ਮੀਨਾ ਜੋਸ਼ੀ ਜਿਸਨੇ ਖ਼ੁਦ ਨੂੰ ਆਸਥਾ ਗਰੁੱਪ ਦੀ ਕਸਟਮਰ ਕੇਅਰ ਪ੍ਰਤੀਨਿਧੀ ਦੱਸਿਆ। ਉਸ ਤੋਂ ਇਕ ਲਿੰਕ ਭੇਜ ਕੇ ਮੋਬਾਈਲ ਵਿਚ ਐਪ ਡਾਊਨਲੋਡ ਕਰਵਾਇਆ। ਇਸ ਐਪ ਵਿਚ ਸ਼ਿਕਾਇਤਕਰਤਾ ਦੇ ਬੈਂਕ ਵੇਰਵੇ ਦਰਜ ਕਰਵਾਏ ਗਏ। ਦੋਸ਼ੀਆਂ ਨੇ ਸ਼ੇਅਰ ਮਾਰਕਿਟ ਨਿਵੇਸ਼ ਦੇ ਨਾਂ ’ਤੇ ਉਸ ਤੋਂ ਕੁੱਲ 11 ਲੱਖ ਰੁਪਏ ਟ੍ਰਾਂਸਫਰ ਕਰਵਾਏ ਅਤੇ ਦੱਸਿਆ ਕਿ ਉਸਨੂੰ ਆਈਪੀਓ. ਵਿਚ ਸ਼ੇਅਰ ਐਲਾਟ ਹੋ ਗਏ ਹਨ। ਪਰ ਬਾਅਦ ਵਿਚ ਨਾਂ ਤਾਂ ਨਿਵੇਸ਼ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਰਕਮ ਦੀ ਅਸਲ ਥਾਂ ਦੱਸੀ। ਦੋਸ਼ੀਆਂ ਨੇ ਸ਼ਿਕਾਇਤਕਰਤਾ ‘ਤੇ ਵਾਧੂ ਨਿਵੇਸ਼ ਕਰਨ ਦਾ ਦਬਾਅ ਵੀ ਬਣਾਇਆ। ਜਦ ਸ਼ਿਕਾਇਤਕਰਤਾ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸਨੇ ਸਾਇਬਰ ਕ੍ਰਾਇਮ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਲਿੰਕ, ਐਪ ਤੇ ਸਬੰਧਿਤ ਸਰਵਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।