ਦਿਲ ਤੇ ਸਾਹ ਦੇ ਰੋਗਾਂ ਦੇ ਇਲਾਜ ਬਾਰੇ ਕਰਵਾਇਆ ਸੈਮੀਨਾਰ
ਦਿਲ ਅਤੇ ਸਾਹ ਦੇ ਰੋਗਾਂ ਦੇ ਆਧੁਨਿਕ ਇਲਾਜ ਸਬੰਧੀ ਸੈਮੀਨਾਰ ਕਰਵਾਇਆ
Publish Date: Mon, 19 Jan 2026 04:59 PM (IST)
Updated Date: Tue, 20 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐੱਮਐੱਸ) ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਨੂੰ ਮੌਜੂਦਾ ਬਿਮਾਰੀਆਂ ਤੇ ਉਨ੍ਹਾਂ ਦੇ ਆਧੁਨਿਕ ਇਲਾਜ ਸਬੰਧੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਡਿਊਨਸ ਕਲੱਬ ਬਠਿੰਡਾ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਮੈਡੀਕਲ ਕੌਂਸਲ ਦੇ ਆਬਜ਼ਰਵਰ ਡਾ. ਜਨਕ ਰਾਜ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਸੈਮੀਨਾਰ ਦਾ ਆਯੋਜਨ ਪੀਸੀਐੱਮਐੱਸ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਸੈਮੀਨਾਰ ਦੌਰਾਨ ਡਾ. ਭੁਪਿੰਦਰ ਸਿੰਘ (ਡੀਐਮ ਕਾਰਡੀਓਲੋਜੀ, ਪ੍ਰੋਫੈਸਰ ਤੇ ਮੁਖੀ, ਏਮਜ਼ ਹਸਪਤਾਲ ਬਠਿੰਡਾ) ਨੇ ਛਾਤੀ ਦਰਦ ਵਾਲੇ ਮਰੀਜ਼ਾਂ ਦੀ ਤੁਰੰਤ ਈਸੀਜੀ ਕਰਨ ਤੇ ਲੋੜ ਅਨੁਸਾਰ ਟੀਕੇ ਦੀ ਵਰਤੋਂ ਕਰਕੇ ਜਾਨ ਬਚਾਉਣ ਦੇ ਤਰੀਕਿਆਂ ’ਤੇ ਜ਼ੋਰ ਦਿੱਤਾ। ਇਸੇ ਸੈਮੀਨਾਰ ’ਚ ਡਾ. ਅਵਨੀਤ ਗਰਗ (ਡੀਐੱਮ ਪਲਮੋਨੋਲੋਜੀ, ਆਦੇਸ਼ ਹਸਪਤਾਲ) ਨੇ ਠੰਢ ਦੌਰਾਨ ਸਾਹ ਦੇ ਰੋਗਾਂ ਦੀ ਐਮਰਜੈਂਸੀ ਸੰਭਾਲ ਬਾਰੇ ਆਧੁਨਿਕ ਮੈਡੀਕਲ ਜਾਣਕਾਰੀ ਸਾਂਝੀ ਕੀਤੀ। ਡਾ. ਬਲਰਾਜ ਢਿੱਲੋਂ (ਐਮਡੀ ਰੇਡੀਓਲੋਜੀ) ਵੱਲੋਂ ਸੀਟੀ ਸਕੈਨ ਤੇ ਐੱਮਆਰਆਈ ਦੇ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ ਗਈ। ਪੈਨਲ ਡਿਸਕਸ਼ਨ ਦੌਰਾਨ ਮੈਡੀਕੋ-ਲੀਗਲ ਕੇਸਾਂ ਦੀ ਐਮਰਜੈਂਸੀ ਸੰਭਾਲ ਸਬੰਧੀ ਡਾ. ਓਮੇਸ਼ ਗੁਪਤਾ, ਡਾ. ਅਮਿਤ ਕੰਬੋਜ ਤੇ ਡਾ. ਹਰਸ਼ਿਤ ਗੋਇਲ ਨੇ ਵਿਚਾਰ ਵਟਾਂਦਰਾ ਕੀਤਾ। ਡਾ. ਜਨਕ ਰਾਜ ਸਿੰਗਲਾ ਤੇ ਡਾ. ਤਪਿੰਦਰ ਜੋਤ ਕੌਸ਼ਲ ਨੇ ਪੀਸੀਐੱਮਐੱਸ ਬਠਿੰਡਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜਿਹੇ ਗਿਆਨਵਰਧਕ ਸੈਮੀਨਾਰਾਂ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ। ਸੈਮੀਨਾਰ ’ਚ ਲਗਭਗ 150 ਡਾਕਟਰਾਂ ਨੇ ਹਿੱਸਾ ਲਿਆ। ਅੰਤ ’ਚ ਜ਼ਿਲ੍ਹਾ ਪ੍ਰਧਾਨ ਡਾ. ਜਗਰੂਪ ਸਿੰਘ ਅਤੇ ਪ੍ਰਬੰਧਕੀ ਟੀਮ ਵੱਲੋਂ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।