- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ, ਭੱਲਾ, ਬਿੱਟੀ ਤੇ ਜਸ਼ਨ ਦੇ ਪੋਸਟਰਾਂ ਨੇ ਨਵੀਂ ਚਰਚਾ ਛੇੜੀ

-ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਦੀਆਂ ਕੰਧਾਂ ਪੋਸਟਰਾਂ ਨਾਲ ਭਰੀਆ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਵਿਚ ਪਿਛਲੇ ਕੁਝ ਦਿਨਾਂ ਤੋਂ ਇਕ ਵਾਰ ਫਿਰ ਸਿਆਸੀ ਹਲਚਲ ਤੇਜ ਨਜ਼ਰ ਆ ਰਹੀ ਹੈ। ਇਸ ਹਲਚਲ ਦੇ ਕੇਂਦਰ ਵਿਚ ਹਨ ਆਪ ਦੇ ਹੀ ਖਾਂਦੀ ਬੋਰਡ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਆਪ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਜਸ਼ਨ ਚਹਿਲ ਅਤੇ ਪਿੰਡ ਸੇਲਬਰਾਹ ਦੇ ਜੰਮਪਲ ਮਨਜੀਤ ਸਿੰਘ ਬਿੱਟੀ, ਜਿੰਨ੍ਹਾਂ ਨਵੇਂ ਸਾਲ ਅਤੇ ਲੋਹੜੀ ਦੀਆਂ ਵਧਾਈਆਂ ਸਬੰਧੀ ਹਲਕੇ ਪਿੰਡਾਂ ਦੀ ਕੰਧਾਂ ਪੋਸਟਰਾਂ ਨਾਲ ਭਰ ਦਿੱਤੀਆਂ।
ਹਲਕੇ ਦੇ ਪਿੰਡਾਂ ਵਿਚ ਭੱਲਾ, ਮਾਨ, ਬਿੱਟੀ ਤੇ ਜਸ਼ਨ ਦੇ ਲੱਗੇ ਇਸ਼ਤਿਹਾਰਾਂ ਨੇ ਹਲਕੇ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। ਭਾਵੇਂ ਇਹ ਪੋਸਟਰ ਲਾਉਣ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਹੁਣ ਅਸਾਨ ਕੰਮ ਨਹੀ। ਪਰ ਵੱਡੇ ਪੱਧਰ ’ਤੇ ਲਗਾਏ ਗਏ ਪੋਸਟਰਾਂ ਤੋਂ ਲੋਕ ਅੰਦਾਜੇ ਲਗਾ ਰਹੇ ਹਨ ਕਿ ਉਕਤ ਆਗੂ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੇ ਸਿਆਸੀ ਪੈਰ ਜਮਾਉਣ ਦਾ ਯਤਨ ਕਰ ਰਹੇ ਹਨ। ਇਹ ਕਹਿਣਾ ਵੀ ਕੋਈ ਅਤਿ ਕਥਨੀ ਨਹੀ ਕਿ ਪੋਸਟਰ ਲਗਾਉਣ ਦੇ ਨਾਲ ਨਾਲ ਹਲਕੇ ਦੇ ਲੋਕਾਂ ਬੇਹਤਰੀ ਲਈ ਵੀ ਕੁਝ ਕਰਕੇ ਵਿਖਾਉਣਾ ਪਵੇਗਾ। 2022 ਦੀਆਂ ਚੋਣਾਂ ਸਮੇਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਇੰਦਰਜੀਤ ਸਿੰਘ ਮਾਨ ਅਤੇ ਜਤਿੰਦਰ ਸਿੰਘ ਭੱਲਾ ਵੀ ਆਪ ਦੀ ਟਿਕਟ ਦੇ ਦਾਅਵੇਦਾਰ ਸਨ ਪ੍ਰੰਤੂ ਆਪ ਨੇ ਬਲਕਾਰ ਸਿੱਧੂ ਨੂੰ ਟਿਕਟ ਦੇ ਦਿੱਤੀ ਅਤੇ ਲੋਕ ਗਾਇਕ ਬਲਕਾਰ ਸਿੰਘ ਸਿੱਧੂ ਵਿਧਾਇਕ ਚੁਣੇ ਗਏ ਸਨ, ਜੋ ਹਲਕੇ ਵਿਚ ਵਿਧਾਇਕ ਵਜੋਂ ਨਿਮਰਤਾ ਨਾਲ ਵਿਚਰ ਰਹੇ ਹਨ। ਸੂਤਰਾਂ ਅਨੁਸਾਰ 2027 ਦੀਆਂ ਚੋਣਾਂ ਲਈ ਇੰਦਰਜੀਤ ਮਾਨ ਤੇ ਜਤਿੰਦਰ ਭੱਲਾ ਹੁਣ ਵੀ ਆਪ ਦੀ ਟਿਕਟ ਦੇ ਦਾਅਵੇਦਾਰ ਦੱਸੇ ਜਾਂਦੇ ਹਨ। ਆਪ ਦੀ ਟਿਕਟ ਕਿਸ ਨੂੰ ਨਸੀਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਤਿੰਦਰ ਭੱਲਾ ਅਤੇ ਇੰਦਰਜੀਤ ਮਾਨ ਪੋਸਟਰਾਂ ਰਾਹੀ ਇਲਾਕੇ ਦੀ ਸਿਆਸਤ ਵਿਚ ਸਰਗਰਮ ਹਨ। ਪ੍ਰੰਤੂ ਉਨ੍ਹਾਂ ਨੇ ਸੱਤਾ ਵਿਚ ਹੁੰਦੇ ਹਲਕੇ ਅਤੇ ਲੋਕਾਂ ਦੀ ਬੇਹਤਰੀ ਲਈ ਕੀ ਕੀ ਕੀਤਾ ਹਲਕੇ ਦੇ ਲੋਕਾਂ ਨੂੰ ਦੱਸਣਾ ਪੈ ਸਕਦਾ ਹੈ। ਟਿਕਟ ਕਿਸੇ ਵੀ ਨੇਤਾ ਨੂੰ ਮਿਲੇ ਪਰ ਬੀਡੀਪੀਓ ਬਲਾਕ ਭਗਤਾ ਭਾਈ ਟੁੱਟਣ ਦਾ ਆਪ ਉਮੀਦਵਾਰ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਆਪ ਵੱਲੋਂ 2017 ਵਿਚ ਹਲਕਾ ਰਾਮਪੁਰਾ ਫੂਲ ਤੋਂ ਚੋਣ ਲੜ ਚੁੱਕੇ ਮਨਜੀਤ ਸਿੰਘ ਬਿੱਟੀ ਸੇਲਬਰਾਹ ਨੇ ਵੀ ਨਵੇਂ ਸਾਲ 2026 ਅਤੇ ਲੋਹੜੀ ਦੇ ਪੋਸਟਰ ਲਾ ਕੇ ਕੁਝ ਸਿਆਸੀ ਆਗੂਆਂ ਦੀ ਨੀਂਦ ਉਡਾ ਦਿੱਤੀ ਹੈ। ਬਿੱਟੀ ਨੇ ਪੋਸਟਰਾਂ ਰਾਹੀਂ ਭਾਵੇਂ ਹਾਲੇ ਤਕ ਆਪਣੇ ਸਿਆਸੀ ਪੱਤੇ ਨਹੀ ਖੋਲ੍ਹੇ, ਪਰ ਬਿੱਟੀ ਦੇ ਵੱਖ-ਵੱਖ ਸੀਨੀਅਰ ਆਗੂਆਂ ਨਾਲ ਚੰਗੇ ਸਬੰਧ ਹੋਣ ਕਰਕੇ ਕੁਝ ਟਿਕਟ ਦੇ ਇੱਛੁਕਾਂ ਨੂੰ ਡਰ ਬਣਿਆ ਹੋਇਆ ਹੈ ਕਿ ਬਿੱਟੀ ਕਦੇ ਉਨ੍ਹਾਂ ਦੀ ਪਾਰਟੀ ਦੀ ਟਿਕਟ ਹੀ ਹਾਸਲ ਨਾ ਕਰ ਲਵੇ। ਹਲਕੇ ਵਿੱਚ ਉਨ੍ਹਾਂ ਦੀ ਸਿਆਸੀ ਭੂਮਿਕਾ ਨੂੰ ਲੈ ਕੇ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾਂ ਰਹੇ ਹਨ, ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਧਾਈ ਪੋਸਟਰਾਂ ਉੱਪਰ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ, ਨਿਸ਼ਾਨ ਜਾਂ ਰੰਗ ਨਹੀਂ ਵਰਤਿਆ ਗਿਆ।
ਹੀ ਕਾਰਨ ਹੈ ਕਿ ਆਮ ਲੋਕਾਂ ਤੋਂ ਲੈ ਕੇ ਸਿਆਸੀ ਵਰਕਰਾਂ ਤੇ ਵਿਸ਼ਲੇਸ਼ਕਾਂ ਤੱਕ, ਹਰ ਕੋਈ ਇਸ ਪਿੱਛੇ ਲੁਕੇ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਲੋਕ ਇਸਨੂੰ ਸਿਰਫ਼ ਤਿਉਹਾਰ ਵਧਾਈ ਮੰਨ ਰਹੇ ਹਨ, ਜਦਕਿ ਕਈਆਂ ਦਾ ਮੰਨਣਾ ਹੈ ਕਿ ਇਹ ਭਵਿੱਖੀ ਰਾਜਨੀਤਿਕ ਸਰਗਰਮੀ ਵੱਲ ਇਕ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਵੀ ਹੋ ਸਕਦਾ ਹੈ ਪਰ ਵੇਖਣਾ ਹੋਵੇਗਾ ਕਿ ਬਿੱਟੀ ਸੇਲਬਰਾਹ ਕਿਹੜਾ ਸਿਆਸੀ ਪੈਂਤੜਾ ਖੇਡਦੇ ਹਨ। ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਤਿੰਨ ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਉਹ ਮਾਲ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਹਲਕਾ ਰਾਮਪੁਰਾ ਫੂਲ ਤੋਂ 2027 ਦੀਆਂ ਚੋਣਾਂ ਲਈ ਕਾਂਗਰਸ ਦੇ ਮਜ਼ਬੂਤ ਦਾਅਵੇਦਾਰ ਹਨ ਅਤੇ ਉਨ੍ਹਾਂ ਦੀ ਕੱਟੇ ਜਾਣਾ ਭਾਵੇ ਕੋਈ ਸੋਖਾ ਕੰਮ ਨਹੀ ਜਾਪਦਾ। ਪ੍ਰੰਤੂ ਉਨ੍ਹਾਂ ਦੀ ਸਿਆਸੀ ਬੇੜੀ ਵਿਚ ਵੱਟੇ ਪਾਉਣ ਲਈ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਵੀ ਹਲਕੇ ਵਿਚ ਸਰਗਰਮ ਹਨ। ਚਹਿਲ ਨੇ ਨਵੇਂ ਸਾਲ ਤੇ ਲੋਹੜੀ ਦੀਆਂ ਵਧਾਈਆਂ ਸਬੰਧੀ ਹਲਕੇ ਦੇ ਪਿੰਡਾਂ ਦੀਆਂ ਕੰਧਾਂ ਪੋਸਟਰਾਂ ਨਾਲ ਭਰ ਦਿੱਤੀਆਂ। ਭਾਵੇਂ ਸਾਬਕਾ ਮੰਤਰੀ ਕਾਂਗੜ ਤਿੰਨ ਵਾਰ ਵਿਧਾਇਕ ਬਣ ਚੁੱਕੇ ਹਨ ਪ੍ਰੰਤੂ ਜਸ਼ਨ ਚਹਿਲ ਦੀ ਕਾਂਗਰਸ ਦੇ ਕੁਝ ਸੀਨੀਅਰ ਨੇਤਾਵਾਂ ਨਾਲ ਨੇੜਤਾ ਵੀ ਉਸਦੇ ਸਿਆਸੀ ਹੌਸਲੇ ਨੂੰ ਬਲ ਦੇ ਰਹੀ ਹੈ। ਸਾਬਕਾ ਮੰਤਰੀ ਕਾਂਗੜ ਅਤੇ ਜਸ਼ਨ ਚਹਿਲ ਵਿੱਚੋਂ ਟਿਕਟ ਕੌਣ ਹਾਸਲ ਕਰਦਾ ਹੈ, ਇਹ ਤਾ ਆਉਣ ਵਾਲਾ ਸਮਾਂ ਦੱਸੇਗਾ। ਪਰ ਸੂਬੇ ਵਿਚ ਕਾਂਗਰਸੀ ਨੇਤਾਵਾਂ ਦੀ ਗੁੱਟਬੰਦੀ ਕਾਰਨ ਕਾਂਗਰਸੀ ਵਰਕਰ ਅੰਦਰੋ ਅੰਦਰੀ ਨਿਰਾਸ਼ ਹਨ। ਇਸੇ ਤਰ੍ਹਾਂ ਸੱਤਾਧਾਰੀ ਧਿਰ ਦੇ ਦਾਅਵੇਦਾਰ ਉਮੀਦਵਾਰਾਂ ’ਚ ਲੁਕੀ ਗੁੱਟਬੰਦੀ ਭਵਿੱਖ ’ਚ ਜੱਗ ਜ਼ਾਹਰ ਹੋਣ ਦੀ ਸੰਭਾਵਨਾ ਹੈ। ਇੱਥੇ ਜ਼ਿਕਰਯੋਗ ਹੈ ਹਲਕੇ ਦੇ ਪਿੰਡਾਂ ’ਚ ਨਵੇਂ ਦਾਅਵੇਦਾਰਾਂ ਨੇ ਭਾਵੇ ਵੱਡੇ ਪੱਧਰ ਤੇ ਪੋਸਟਰਬਾਜੀ ਕੀਤੀ ਹੈ ਪ੍ਰੰਤੂ ਹਲਕਾ ਵਿਧਾਇਕ ਬਲਕਾਰ ਸਿੱਧੂ ਸਮੇਤ ਪੁਰਾਣੇ ਸਿਆਸੀ ਲੀਡਰ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰ ਰਹੇ ਹਨ।